ਦੀਵਾਲੀ ਦੀ ਰਾਤ ਸਿਟੀ ਬਿਊਟੀਫੁੱਲ ਦੀ ਹਵਾ ਹੋਈ ਦੂਸ਼ਿਤ
ਇੱਥੇ ਲੋਕਾਂ ਨੇ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ। ਇਸ ਦੌਰਾਨ ਲੋਕਾਂ ਨੇ ਭਾਰੀ ਮਾਤਰਾ ਵਿੱਚ ਦੇਰ ਰਾਤ ਤੱਕ ਪਟਾਕੇ ਚਲਾਏ ਅਤੇ ਪ੍ਰਸ਼ਾਸਨ ਦੇ ਆਦੇਸ਼ਾਂ ਦੀਆਂ ਧੱਜੀਆਂ ਉਡਾਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਦੀਵਾਲੀ ਵਾਲੀ ਰਾਤ ਨੂੰ ਹਵਾ ਗੰਧਲੀ ਹੋ...
ਇੱਥੇ ਲੋਕਾਂ ਨੇ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ। ਇਸ ਦੌਰਾਨ ਲੋਕਾਂ ਨੇ ਭਾਰੀ ਮਾਤਰਾ ਵਿੱਚ ਦੇਰ ਰਾਤ ਤੱਕ ਪਟਾਕੇ ਚਲਾਏ ਅਤੇ ਪ੍ਰਸ਼ਾਸਨ ਦੇ ਆਦੇਸ਼ਾਂ ਦੀਆਂ ਧੱਜੀਆਂ ਉਡਾਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਦੀਵਾਲੀ ਵਾਲੀ ਰਾਤ ਨੂੰ ਹਵਾ ਗੰਧਲੀ ਹੋ ਗਈ ਹੈ। ਸ਼ਹਿਰ ਵਿੱਚ ਪਟਾਕੇ ਚਲਾਉਣ ਕਰਕੇ ਹਵਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) 300 ਤੋਂ ਪਾਰ ਹੋ ਗਿਆ ਹੈ, ਜਿਸ ਕਰਕੇ ਬਜ਼ੁਰਗਾਂ ਨੂੰ ਸਾਹ ਲੈਣ ਵਿੱਚ ਵੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਚੰਡੀਗੜ੍ਹ ਵਿੱਚ ਸ਼ਾਮ ਨੂੰ 7 ਵਜੇ ਪਟਾਕੇ ਚੱਲਣੇ ਸ਼ੁਰੂ ਹੋ ਗਏ ਸਨ, ਪਰ ਦੇਰ ਰਾਤ 12 ਵਜੇ ਤੋਂ ਬਾਅਦ ਵੀ ਚਲਦੇ ਰਹੇ ਹਨ। ਇਸ ਦੌਰਾਨ ਹਵਾ ਪ੍ਰਦੂਸ਼ਣ ਦੇ ਨਾਲ-ਨਾਲ ਆਵਾਜ਼ ਪ੍ਰਦੂਸ਼ਣ ਵੀ ਹੋਇਆ ਹੈ।
ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀ ਪੀ ਸੀ ਸੀ) ਵੱਲੋਂ ਦੀਵਾਲੀ ਵਾਲੀ ਰਾਤ ਨੂੰ ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ’ਤੇ ਨਿਗਰਾਨੀ ਰੱਖਣ ਲਈ 6 ਥਾਵਾਂ ’ਤੇ ਹਵਾ ਦੀ ਗੁਣਵੱਤਾ ਦਾ ਪੱਧਰ ਜਾਂਚਿਆ ਗਿਆ। ਇਸ ਦੌਰਾਨ ਸੈਕਟਰ-53 ਵਿੱਚ 304, ਸੈਕਟਰ-39 ਵਿੱਚ 318 ਅਤੇ ਸੈਕਟਰ-12 ਪੈਕ ਵਿੱਚ ਏ ਕਿਊ ਆਈ ਦਾ ਪੱਧਰ 312 ਦਰਜ ਕੀਤਾ ਗਿਆ ਹੈ, ਜੋ ਬਹੁਤ ਮਾੜਾ ਹੈ। ਇਸੇ ਤਰ੍ਹਾਂ ਸੈਕਟਰ-22 ਵਿੱਚ 234 ਅਤੇ ਸੈਕਟਰ-25 ਵਿੱਚ 296 ਦਰਜ ਕੀਤਾ ਗਿਆ। ਦੀਵਾਲੀ ਵਾਲੀ ਰਾਤ ਸੈਕਟਰ-17 ਦਾ ਇਲਾਕਾ ਸਾਫ਼ ਰਿਹਾ ਹੈ, ਜਿੱਥੇ ਏ ਕਿਊ ਆਈ 183 ਦਰਜ ਕੀਤਾ ਗਿਆ। ਹਾਲਾਂਕਿ ਇਸ ਵਾਰ ਦੀਵਾਲੀ ਨੂੰ ਪਿਛਲੇ ਸਾਲ ਦੇ ਮੁਕਾਬਲੇ ਹਵਾ ਪ੍ਰਦੂਸ਼ਣ ਘੱਟ ਹੋਇਆ ਹੈ। ਪਿਛਲੇ ਸਾਲ ਦੀਵਾਲੀ ਵਾਲੀ ਰਾਤ ਨੂੰ ਏਕਿਊਆਈ ਦਾ ਪੱਧਰ 395 ਤੱਕ ਪਹੁੰਚ ਗਿਆ ਸੀ।
ਦੀਵਾਲੀ ਵਾਲੀ ਰਾਤ ਨੂੰ ਸ਼ਹਿਰ ਵਿੱਚ 22 ਵੱਖ-ਵੱਖ ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਬਾਰੇ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਹੈ। ਅੱਗ ਲੱਗਣ ਕਾਰਨ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਉੱਧਰ ਚੰਡੀਗੜ੍ਹ ਪੁਲੀਸ ਵੱਲੋਂ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਦੀ ਬਹਾਲੀ ਲਈ ਸ਼ਹਿਰ ਵਿੱਚ 850 ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ, ਜਿਨ੍ਹਾਂ ਵੱਲੋਂ ਸ਼ਹਿਰ ਵਿੱਚ 42 ਥਾਵਾਂ ’ਤੇ ਨਾਕੇ ਲਗਾਏ ਗਏ। ਇਸ ਦੌਰਾਨ ਪੁਲੀਸ ਕੋਲ ਦੇਰ ਰਾਤ ਤੱਕ ਪਟਾਕੇ ਚਲਾਉਣ ਦੀਆਂ 137 ਸ਼ਿਕਾਇਤਾਂ ਪਹੁੰਚੀਆਂ। ਇਨ੍ਹਾਂ ਸ਼ਿਕਾਇਤਾਂ ਦਾ ਪੁਲੀਸ ਨੇ ਫੌਰੀ ਤੌਰ ’ਤੇ ਨਿਪਟਾਰਾ ਕੀਤਾ।
ਚੰਡੀਗੜ੍ਹ ਵਿੱਚ 5-7 ਕਰੋੜ ਰੁਪਏ ਦੇ ਵਿਕੇ ਪਟਾਕੇ
ਚੰਡੀਗੜ੍ਹ ਵਿੱਚ ਦੀਵਾਲੀ ਮੌਕੇ ਪਟਾਕਿਆਂ ਦਾ ਕਾਰੋਬਾਰ ਚੰਗਾ ਰਿਹਾ ਹੈ। ਇਸ ਵਾਰ ਸ਼ਹਿਰ ਵਿੱਚ 12 ਥਾਵਾਂ ’ਤੇ 96 ਜਣਿਆਂ ਨੂੰ ਪਟਾਕੇ ਵੇਚਣ ਦੇ ਲਾਇਸੈਂਸ ਦਿੱਤੇ ਗਏ ਸਨ, ਜਿਨ੍ਹਾਂ ਵੱਲੋਂ 5 ਤੋਂ 7 ਕਰੋੜ ਰੁਪਏ ਦਾ ਪਟਾਕਾ ਸ਼ਹਿਰ ਵਿੱਚ ਵੇਚਿਆ ਗਿਆ। ਵੱਡੀ ਗਿਣਤੀ ਲੋਕਾਂ ਵੱਲੋਂ ਚੰਡੀਗੜ੍ਹ ਦੇ ਨਾਲ ਲਗਦੇ ਕੁਰਾਲੀ ਸ਼ਹਿਰ ਵਿੱਚੋਂ ਵੀ ਪਟਾਕਿਆਂ ਦੀ ਖਰੀਦਦਾਰੀ ਕੀਤੀ ਜਾਂਦੀ ਹੈ। ਚੰਡੀਗੜ੍ਹ ਪਟਾਕਾ ਕਾਰੋਬਾਰੀ ਚਿਰਾਗ ਅਗਰਵਾਲ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਦੇ ਮੁਕਾਬਲੇ ਇਸ ਵਰ੍ਹੇ ਚੰਡੀਗੜ੍ਹ ਵਿੱਚ ਪਟਾਕੇ ਦਾ ਕਾਰੋਬਾਰ ਵਧੀਆ ਰਿਹਾ।