DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਕੂਲਾਂ ’ਚ ਉਦਘਾਟਨੀ ਸਮਾਗਮਾਂ ਦੇ ਭੁਗਤਾਨ ਨਾ ਹੋਣ ਕਰਕੇ ਅਧਿਆਪਕ ਪ੍ਰੇਸ਼ਾਨ

ਜੇਬ ’ਚੋਂ ਕੀਤੇ ਭੁਗਤਾਨਾਂ ਲਈ ਅਧਿਆਪਕਾਂ ਨੂੰ ਕੀਤੀ ਜਾਵੇ ਅਦਾਇਗੀ: ਡੀਟੀਐੱਫ
  • fb
  • twitter
  • whatsapp
  • whatsapp
Advertisement

ਕੁਲਦੀਪ ਸਿੰਘ

ਚੰਡੀਗੜ੍ਹ, 11 ਜੁਲਾਈ

Advertisement

ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ 7 ਮਾਰਚ ਤੋਂ 31 ਮਈ 2025 ਤੱਕ ਪੰਜਾਬ ਦੇ ਸਰਕਾਰੀ ਪ੍ਰਾਇਮਰੀ, ਮਿਡਲ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਮੁਹਿੰਮ’ ਤਹਿਤ ਕਰਵਾਏ ਗਏ ਉਦਘਾਟਨੀ ਪ੍ਰੋਗਰਾਮਾਂ ਦਾ ਭੁਗਤਾਨ ਹਾਲੇ ਤੱਕ ਵੀ ਨਾ ਕੀਤੇ ਜਾਣ ਕਰਕੇ ਅਧਿਆਪਕ ਪ੍ਰੇਸ਼ਾਨ ਹਨ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਪ੍ਰੋਗਰਾਮਾਂ ਦਾ ਸਭ ਤੋਂ ਪਹਿਲਾਂ ਉਦਘਾਟਨ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਅਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਵੱਲੋਂ ਕੀਤਾ ਗਿਆ। ਇਸ ਮੁਹਿੰਮ ਤਹਿਤ ਵੱਖ-ਵੱਖ ਹਲਕਿਆਂ ਨਾਲ ਸਬੰਧਿਤ ਮੰਤਰੀਆਂ, ਵਿਧਾਇਕਾਂ ਅਤੇ ਹੋਰ ਰਾਜਨੀਤਕ ਆਗੂਆਂ ਵੱਲੋਂ ਪੰਜਾਬ ਭਰ ਦੇ ਸਕੂਲਾਂ ਵਿੱਚ ਪਿਛਲੇ ਸਮੇਂ ਦੌਰਾਨ ਤਿਆਰ ਕੀਤੇ ਨਵੇਂ ਕਮਰਿਆਂ, ਕੰਧਾਂ ਅਤੇ ਪਖਾਨਿਆਂ ਦੀ ਮੁਰੰਮਤ ਦੇ ਪੱਥਰ ਲਗਾ ਕੇ ਉਦਘਾਟਨ ਕੀਤੇ ਗਏ।

ਕੁਝ ਦਿਨ ਪਹਿਲਾਂ ਵਿਭਾਗ ਵੱਲੋਂ ਸਿੱਖਿਆ ਕ੍ਰਾਂਤੀ ਦੇ ਹੋਏ ਸਮਾਗਮ ਵਾਲੇ ਸਕੂਲਾਂ ਵਿੱਚੋਂ ਲੱਗੇ ਪੱਥਰਾਂ ਦੀ ਗਿਣਤੀ ਅਤੇ ਖਰਚ ਬਾਰੇ ਰਿਪੋਰਟ ਮੰਗੀ ਗਈ ਅਤੇ ਸਕੂਲ ਮੁਖੀਆਂ ਵੱਲੋਂ ਇਹ ਰਿਪੋਰਟ ਦੇ ਦਿੱਤੀ ਗਈ ਅਤੇ ਪ੍ਰੋਗਰਾਮਾਂ ਵਿੱਚ ਆਪਣੇ ਕੋਲੋਂ ਕੀਤੀ ਅਦਾਇਗੀ ਦੇ ਬਿੱਲ ਵੀ ਸੰਬੰਧਤ ਦਫਤਰਾਂ ਵਿੱਚ ਜਮ੍ਹਾਂ ਕਰਵਾ ਦਿੱਤੇ। ਹੁਣ ਜਦੋਂ ਵਿਭਾਗ ਵੱਲੋਂ ਅਦਾਇਗੀ ਕਰਨੀ ਸੀ ਤਾਂ ਉਨ੍ਹਾਂ ਨਵੇਂ ਹੁਕਮ ਜਾਰੀ ਕਰ ਦਿੱਤੇ ਕਿ ਪਿਛਲੇ ਮਹੀਨਿਆਂ ਵਿੱਚ ਸਿੱਖਿਆ ਕ੍ਰਾਂਤੀ ਤਹਿਤ ਹੋਏ ਖਰਚੇ ਦੀ ਅਦਾਇਗੀ ਸਿੱਧੀ ਵੈਂਡਰਾਂ ਦੇ ਖਾਤਿਆਂ ਵਿੱਚ ਕੀਤੀ ਜਾਵੇਗੀ ਜਦ ਕਿ ਇਸ ਸਬੰਧੀ ਸਕੂਲ ਮੁਖੀਆਂ ਵੱਲੋਂ ਪਹਿਲਾਂ ਹੀ ਆਪਣੇ ਕੋਲੋਂ ਅਦਾਇਗੀਆਂ ਕਰ ਦਿੱਤੀਆਂ ਹਨ।

ਫਰੰਟ ਨੇ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਅਪੀਲ ਕੀਤੀ ਕਿ ਅਦਾਇਗੀ ਸਿੱਧਾ ਸਕੂਲਾਂ ਦੇ ਖਾਤਿਆਂ ਵਿੱਚ ਪਾਈ ਜਾਵੇ ਤਾਂ ਕਿ ਅਧਿਆਪਕਾਂ ਦੀ ਖੱਜਲ-ਖੁਆਰੀ ਬੰਦ ਹੋ ਸਕੇ।

Advertisement
×