ਮਸਲੇ ਹੱਲ ਨਾ ਹੋਣ ਕਾਰਨ ਅਧਿਆਪਕਾਂ ’ਚ ਰੋਸ ਵਧਿਆ
ਯੂਟੀ ਦੇ ਸਰਕਾਰੀ ਸਕੂਲਾ ’ਚ ਪੜ੍ਹਾਉਂਦੇ ਅਧਿਆਪਕਾਂ ਦੇ ਮਸਲੇ ਹੱਲ ਨਹੀਂ ਹੋ ਰਹੇ ਜਿਸ ਕਾਰਨ ਉਨ੍ਹਾਂ ਦਾ ਪ੍ਰਸ਼ਾਸਨ ਤੇ ਸਿੱਖਿਆ ਵਿਭਾਗ ਖ਼ਿਲਾਫ਼ ਰੋਸ ਵਧਦਾ ਜਾ ਰਿਹਾ ਹੈ। ਚੰਡੀਗੜ੍ਹ ਅਧਿਆਪਕ ਐਸੋਸੀਏਸ਼ਨ (ਸੀਟੀਏ) ਦੇ ਨੁਮਾਇੰਦਿਆਂ ਨੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨਾਲ ਅੱਜ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਅਧਿਆਪਕਾਂ ਦੇ ਮਸਲਿਆਂ ਪ੍ਰਤੀ ਚੰਡੀਗੜ੍ਹ ਪ੍ਰਸ਼ਾਸਨ ਦੇ ਅਣਗੌਲਿਆ ਕਰਨ ਦੇ ਵਤੀਰੇ ਬਾਰੇ ਦੱਸਦਿਆਂ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ। ਅਧਿਆਪਕਾਂ ਨੇ ਕੇਂਦਰ ਦਾ ਸੱਤਵਾ ਤਨਖਾਹ ਕਮਿਸ਼ਨ, ਪੰਜਾਬ ਸਰਕਾਰ ਦੇ ਛੇਵੇਂ ਤਨਖਾਹ ਕਮਿਸ਼ਨ ਤੇ ਡੀਏ ਦੇ ਬਕਾਏ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅਧਿਆਪਕ ਲੰਮੇ ਸਮੇਂ ਤੋਂ ਬਕਾਏ ਲੈਣ ਲਈ ਸਰਕਾਰੇ ਦਰਬਾਰੇ ਪਹੁੰਚ ਕਰ ਰਹੇ ਹਨ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਇਸ ਤੋਂ ਇਲਾਵਾ ਚੰਡੀਗੜ੍ਹ ਵਿਚ ਡੈਪੂਟੇਸ਼ਨ ’ਤੇ ਤਾਇਨਾਤ ਅਧਿਆਪਕਾਂ ਦੀ ਚੰਡੀਗੜ੍ਹ ਵਿਚ ਮਿਆਦ ਤੈਅ ਕੀਤੀ ਜਾ ਰਹੀ ਹੈ ਜਦਕਿ ਨਿਯਮਾਂ ਅਨੁਸਾਰ ਸਿੱਖਿਆ ਤੇ ਸਿਹਤ ਵਿਭਾਗ ਦੇ ਪਿਤਰੀ ਰਾਜਾਂ ਤੋਂ ਆਉਣ ਵਾਲੇ ਅਧਿਆਪਕਾਂ ’ਤੇ ਡੈਪੂਟੇਸ਼ਨ ਦੀ ਕੋਈ ਮਿਆਦ ਨਹੀਂ ਹੁੰਦੀ।
ਇਸ ਮੌਕੇ ਕਾਨੂੰਨੀ ਸਲਾਹਕਾਰ ਅਰਵਿੰਦ ਰਾਣਾ, ਜਨਰਲ ਸਕੱਤਰ ਅਜੈ ਸ਼ਰਮਾ, ਸਕੱਤਰ ਕਪਿਲ ਸ਼ਰਮਾ, ਸੰਯੁਕਤ ਸਕੱਤਰ ਅਨਿਲ ਵਸ਼ਿਸ਼ਠ, ਸੰਗਠਨ ਸਕੱਤਰ ਸੰਜੀਵ ਕੁਮਾਰ ਅਤੇ ਕਾਰਜਕਾਰੀ ਮੈਂਬਰਾਂ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਵਤੀਰੇ ਕਾਰਨ ਚੰਡੀਗੜ੍ਹ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਵੱਲੋਂ ਮੰਗ ਪੱਤਰ ਤਾਂ ਲਿਆ ਜਾਂਦਾ ਹੈ ਪਰ ਇਸ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਅਧਿਆਪਕਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਉਨ੍ਹਾਂ ਅੱਜ ਸੰਸਦ ਮੈਂਬਰ ਨੂੰ ਇਸ ਬਾਰੇ ਦੱਸਿਆ ਤੇ ਉਨ੍ਹਾਂ ਭਰੋਸਾ ਦਿੱਤਾ ਕਿ ਅਧਿਆਪਕ ਮਸਲੇ ਹੱਲ ਕਰਵਾਏ ਜਾਣਗੇ।