ਸਥਾਨਕ ਟੀਡੀਆਈ ਸੈਕਟਰ 110-111 ਵਿਚਲੇ ਫਲੈਟ ਮਾਲਕਾਂ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਦੀ ਮੀਟਿੰਗ ਹੋਈ। ਇਸ ਦੌਰਾਨ ਉਨ੍ਹਾਂ ਟੀਡੀਆਈ ਪ੍ਰਬੰਧਕਾਂ ’ਤੇ ਸੈਕਟਰ 110-111 ਦੇ ਫਲੈਟ ਮਾਲਕਾਂ ਤੋਂ ਕਥਿਤ ਤਿੰਨ ਗੁਣਾਂ ਸੀਏਐੱਮ ਚਾਰਜ ਵਸੂਲ ਦਾ ਦੋਸ਼ ਲਾਇਆ। ਐਸੋਸੀਏਸ਼ਨਾਂ ਦੇ ਪ੍ਰਧਾਨਾਂ ਸੰਤ ਸਿੰਘ, ਸਾਧੂ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੈਕਟਰ ਫਲੈਟ ਮਾਲਕਾਂ ਤੋਂ ਕਾਮਨ ਏਰੀਆ ਮੈਂਟੀਨੈਂਸ ਚਾਰਜ ਤਿੰਨ ਗੁਣਾਂ ਦਰ ’ਤੇ ਵਸੂਲ ਕੀਤੇ ਜਾ ਰਹੇ ਹਨ ਜਦਕਿ ਰਜਿਸਟਰੀ ਅਨੁਸਾਰ, ਹਰ ਫਲੈਟ ਮਾਲਕ ਦੀ 1/3 ਹਿੱਸੇਦਾਰੀ (ਅਨੁਪਾਤ 33.33 ਫ਼ੀਸਦੀ ਹਿੱਸਾ) ਇੱਕ ਪਲਾਟ ਵਿਚ ਹੈ, ਪਰ ਬਿਲਡਰ ਵਲੋਂ ਹਰ ਫਲੈਟ ਮਾਲਕ ਤੋਂ ਪੂਰੇ ਪਲਾਟ ਦੇ ਆਕਾਰ ਦੇ ਮੁਤਾਬਕ ਚਾਰਜ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਿਲਡਰ ਵੱਲੋਂ ਪਹਿਲਾਂ ਚਾਰਜ ਪ੍ਰਤੀ ਗਜ਼ ਦੇ ਹਿਸਾਬ ਨਾਲ ਪਲਾਟ ਦੇ ਏਰੀਆ ਮੁਤਾਬਕ ਤੈਅ ਕੀਤੇ ਹੋਏ ਹਨ।
ਜਸਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਸਾਰੇ ਮਾਲਕ ਆਪਣੀ ਹਿੱਸੇਦਾਰੀ ਅਨੁਸਾਰ ਸੀਏਐਮ ਚਾਰਜ ਭਰਨ ਲਈ ਤਿਆਰ ਹਨ ਪਰ ਜਦ ਤਕ ਵਿਵਾਦ ਦਾ ਨਿਪਟਾਰਾ ਨਹੀਂ ਹੁੰਦਾ, ਉਦੋਂ ਤਕ ਕੋਈ ਵੀ ਫਲੈਟ ਮਾਲਕ ਇਹ ਚਾਰਜ ਨਹੀਂ ਭਰੇਗਾ। ਇਸ ਮੌਕੇ ਹਰਜੀਤ ਸਿੰਘ, ਡਾ. ਮਨਜੀਤ ਆਜ਼ਾਦ, ਐੱਚਐੱਸ ਬੇਦੀ, ਅਮਰਜੀਤ ਸਿੰਘ, ਭਜਨ ਸਿੰਘ, ਹਰਮਿੰਦਰ ਸਿੰਘ ਸੋਹੀ ਆਦਿ ਹਾਜ਼ਰ ਸਨ।
ਸਹੂਲਤਾਂ ਲਈ ਅਦਾਇਗੀ ਕਰਨੀ ਹੀ ਪਵੇਗੀ: ਗੋਗੀਆ
ਇਸ ਸਬੰਧੀ ਟੀਡੀਆਈ ਦੇ ਡਾਇਰੈਕਟਰ ਰਾਜੇਸ਼ ਗੋਗੀਆ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਸਾਰੇ ਮਕਾਨ ਮਾਲਕ ਪਿਛਲੇ ਸੱਤ-ਅੱਠ ਸਾਲਾਂ ਤੋਂ ਸੀਏਐੱਮ ਚਾਰਜ ਦਿੰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਫਲੈਟ ਲੈਣ ਮੌਕੇ ਇਨ੍ਹਾਂ ਨੇ ਇਤਰਾਜ਼ ਕਿਉਂ ਨਹੀਂ ਚੁੱਕਿਆ। ਟੀਡੀਆਈ ਵੱਲੋਂ ਫਲੈਟ ਮਾਲਕਾਂ ਨੂੰ ਸਮੁੱਚੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਲਈ ਅਦਾਇਗੀ ਕਰਨੀ ਹੀ ਪਵੇਗੀ।