ਤਰਨ ਤਾਰਨ ਚੋਣ : ਸਿਆਸੀ ਧਿਰਾਂ ਦੇ ਆਖ਼ਰੀ ਹੱਲੇ ਨਾਲ ਚੋਣ ਪ੍ਰਚਾਰ ਖ਼ਤਮ !
ਕੇਂਦਰੀ ਬਲਾਂ ਦੀ ਸੁਰੱਖਿਆ ਹੇਠ ਹੋਵੇਗੀ ਜ਼ਿਮਨੀ ਚੋਣ
ਹਲਕਾ ਤਰਨ ਤਾਰਨ ਦੀ ਜ਼ਿਮਨੀ ਚੋਣ ਲਈ ਅੱਜ ਚੋਣ ਪ੍ਰਚਾਰ ਸਮਾਪਤ ਹੋ ਗਿਆ ਹੈ। ਚੋਣ ਪ੍ਰਚਾਰ ਦੇ ਆਖ਼ਰੀ ਦਿਨ ਸਭਨਾਂ ਸਿਆਸੀ ਧਿਰਾਂ ਨੇ ਪੂਰੀ ਤਾਕਤ ਝੋਕੀ ਤਾਂ ਜੋ ਆਗਾਮੀ ਵਿਧਾਨ ਸਭਾ ਚੋਣਾਂ ਲਈ ਸਿਆਸੀ ਮਾਹੌਲ ਬੱਝ ਸਕੇ। ‘ਆਪ’ ਦੇ ਯੂਥ ਵਿੰਗ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਆਪੋ ਆਪਣੇ ਉਮੀਦਵਾਰ ਦੀ ਹਮਾਇਤ ’ਚ ਰੋਡ ਸ਼ੋਅ ਕੱਢੇ ਜਦੋਂ ਕਿ ਭਾਜਪਾ ਨੇ ਘਰੋਂ ਘਰੀ ਜਾ ਕੇ ਵੋਟਾਂ ਮੰਗੀਆਂ।
ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਨੇ ਆਖ਼ਰੀ ਦਿਨ ਸਿਆਸੀ ਰੈਲੀਆਂ ਕੀਤੀਆਂ। ਕਾਂਗਰਸ ਪਾਰਟੀ ਨੇ ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂੰਢ ਦੀ ਮੌਤ ਦੇ ਕਾਰਨ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਸਭ ਸਿਆਸੀ ਪ੍ਰੋਗਰਾਮ ਮੁਲਤਵੀ ਰੱਖੇ। ਅੱਜ ਤਰਨ ਤਾਰਨ ’ਚ ਚੋਣ ਪ੍ਰਚਾਰ ਸ਼ਾਮ ਛੇ ਵਜੇ ਬੰਦ ਹੋ ਗਿਆ ਹੈ । ਹੁਣ ਸਿਆਸੀ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰ ਦੀ ਹਮਾਇਤ ’ਚ ਘਰੋਂ ਘਰੀਂ ਜਾ ਕੇ ਪ੍ਰਚਾਰ ਕੀਤਾ ਜਾਵੇਗਾ।
ਪੁਲੀਸ ਨੇ ਵੀ ਅੱਜ ਸ਼ਾਮ ਵਕਤ ਵੋਟਰਾਂ ਨੂੰ ਹੱਲਾਸ਼ੇਰੀ ਦੇਣ ਲਈ ਸ਼ਹਿਰ ’ਚ ਫਲੈਗ ਮਾਰਚ ਕੀਤਾ। ਕੌਮਾਂਤਰੀ ਸਰਹੱਦ ਦੇ ਨੇੜਲੇ ਜ਼ਿਲ੍ਹਾ ਤਰਨ ਤਾਰਨ ਦੇ ਇਸ ਵਿਧਾਨ ਸਭਾ ਹਲਕੇ ’ਚ ਚੋਣ ਪ੍ਰਚਾਰ ਦੌਰਾਨ ਪੰਜਾਬ ਪੁਲੀਸ ਦੇ ਸਿੱਧੇ ਦਾਖਲ ਦਾ ਮੁੱਦਾ ਛਾਇਆ ਰਿਹਾ ਜਿਸ ਦੇ ਵਜੋਂ ਚੋਣ ਕਮਿਸ਼ਨ ਨੇ ਤਰਨ ਤਾਰਨ ਦੀ ਐੱਸ ਐੱਸ ਪੀ ਰਵੀਜੋਤ ਕੌਰ ਗਰੇਵਾਲ ਨੂੰ ਮੁਅੱਤਲ ਵੀ ਕੀਤਾ। ਤਰਨ ਤਾਰਨ ਹਲਕੇ ਲਈ 11 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ ਇਹ ਉਪ ਚੋਣ ਪੰਜਾਬ ਦੀ ਸਿਆਸਤ ਨੂੰ ਮੋੜਾ ਦੇਣ ਲਈ ਅਹਿਮ ਭੂਮਿਕਾ ਅਦਾ ਕਰੇਗੀ। ਆਮ ਆਦਮੀ ਪਾਰਟੀ ਨੇ ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਜਿੱਤ ਲਈ ਪੂਰੀ ਤਾਕਤ ਝੋਕੀ ਰੱਖੀ।
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਦੀ ਜਿੱਤ ਖ਼ਾਤਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਕਰੋ ਜਾਂ ਮਰੋ’ ਵਾਲੀ ਸਥਿਤੀ ਵਿੱਚ ਹਨ। ਅਕਾਲੀ ਦਲ ਨੇ ਹਲਕੇ ’ਚ ਵਰਕਰਾਂ ਤੇ ਆਗੂਆਂ ਤੇ ਪੁਲੀਸ ਦੇ ਜ਼ਬਰ ਨੂੰ ਉਭਾਰਿਆ। ਹਲਕੇ ਦੇ ਚੋਣ ਪ੍ਰਚਾਰ ਦੌਰਾਨ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਵੜਿੰਗ ਪੂਰੀ ਤਰ੍ਹਾਂ ਵਿਵਾਦਾਂ ’ਚ ਘਿਰੇ ਰਹੇ ।
ਕਾਂਗਰਸ ਦੇ ਚੋਣ ਪ੍ਰਚਾਰ ਲਈ ਕੋਈ ਵੱਡਾ ਚਿਹਰਾ ਨਜ਼ਰ ਨਹੀਂ ਆਇਆ ਜਦੋਂ ਕਿ ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਪ੍ਰਚਾਰ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੰਧੂ ਅਤੇ ਕੇਂਦਰੀ ਵਜ਼ੀਰਾਂ ਨੇ ਵੀ ਸਮਾਂ ਕੱਢਿਆ। ਵਾਰਿਸ ਪੰਜਾਬ ਦੇ ਜਥੇਬੰਦੀ ਤਰਫ਼ੋਂ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਦੇ ਚੋਣ ਪ੍ਰਚਾਰ ਲਈ ਵੀ ਪੰਥਕ ਤਾਕਤਾਂ ਨੇ ਚੋਣ ਮੈਦਾਨ ਭਖਾਇਆ।
ਚੋਣ ਕਮਿਸ਼ਨ ਇਸ ਹਲਕੇ ਦੀ ਉਪ ਚੋਣ ਨੂੰ ਲੈ ਕੇ ਹੁਣ ਕਾਫ਼ੀ ਸਖ਼ਤ ਰੌਂਅ ਵਿੱਚ ਨਜ਼ਰ ਆ ਰਿਹਾ ਹੈ। ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਤਰਨ ਤਾਰਨ ਹਲਕੇ ਵਿੱਚ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੀਆਂ ਦਰਜਨ ਕੰਪਨੀਆਂ ਦੀ ਤਾਇਨਾਤੀ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਤੱਕ ਕਿਸੇ ਵੀ ਜ਼ਿਮਨੀ ਚੋਣ ’ਚ ਇਹ ਸਭ ਤੋਂ ਵੱਡੀ ਕੇਂਦਰੀ ਬਲਾਂ ਦੀ ਤਾਇਨਾਤੀ ਹੈ।
ਉਨ੍ਹਾਂ ਦੱਸਿਆ ਕਿ ਹਲਕੇ ਦੇ 222 ਪੋਲਿੰਗ ਸਟੇਸ਼ਨਾਂ ਨੂੰ ਕਵਰ ਕਰਨ ਵਾਲੇ ਸਾਰੇ 114 ਪੋਲਿੰਗ ਸਟੇਸ਼ਨ ਸਥਾਨਾਂ ਉੱਤੇ ਕੇਂਦਰੀ ਬਲਾਂ ਦੇ ਜਵਾਨ ਤਾਇਨਾਤ ਰਹਿਣਗੇ। ਸਾਰੇ ਪੋਲਿੰਗ ਸਟੇਸ਼ਨਾਂ ਉੱਤੇ ਸੀਸੀਟੀਵੀ ਕੈਮਰੇ ਅਤੇ ਵੈਬਕਾਸਟਿੰਗ ਦੀ ਵਿਵਸਥਾ ਹੋਵੇਗੀ।
ਤਰਨ ਤਾਰਨ ਹਲਕੇ ’ਚ ਨਿਗਰਾਨੀ ਰਿਟਰਨਿੰਗ ਅਧਿਕਾਰੀ, ਜ਼ਿਲ੍ਹਾ ਚੋਣ ਅਧਿਕਾਰੀ ਅਤੇ ਮੁੱਖ ਚੋਣ ਅਧਿਕਾਰੀ ਪੱਧਰ ’ਤੇ ਚੋਣ ਕਮਿਸ਼ਨ ਦੀ ਦੇਖ ਰੇਖ ਹੇਠ ਚੋਣ ਹੋਵੇਗੀ ਅਤੇ ਸਾਰੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਸਥਾਨਾਂ ਲਈ 46 ਮਾਈਕਰੋ ਅਬਜ਼ਰਵਰ ਤਾਇਨਾਤ ਕੀਤੇ ਗਏ ਹਨ। ਵੇਰਵਿਆਂ ਅਨੁਸਾਰ ਤਰਨ ਤਾਰਨ ਦੇ ਚੋਣ ਮੈਦਾਨ ’ਚ ਦੋ ਔਰਤਾਂ ਸਮੇਤ 15 ਉਮੀਦਵਾਰ ਹਨ। ਹਲਕੇ ਦੇ ਕੁੱਲ 1,92,838 ਵੋਟਰ ਹਨ ਜਿਨ੍ਹਾਂ ’ਚ 1,00,933 ਮਹਿਲਾ ਵੋਟਰ ਹਨ ਜਦੋਂ ਕਿ 91,897 ਪੁਰਸ਼ ਵੋਟਰਾਂ ਤੋਂ ਇਲਾਵਾ ਅੱਠ ਵੋਟਾਂ ਥਰਡ ਜੈਂਡਰ ਦੀਆਂ ਹਨ।
ਕਾਨੂੰਨ ਤੋੜਨ ਵਾਲਿਆਂ ਨੂੰ ਤਾੜਨਾ
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਸਖ਼ਤੀ ਨਾਲ ਅੱਜ ਕਿਹਾ ਕਿ ਚੋਣ ਮਸ਼ੀਨਰੀ ਵੱਲੋਂ ਕਾਨੂੰਨ ਅਤੇ ਵਿਵਸਥਾ ਦੀ ਕਿਸੇ ਵੀ ਉਲੰਘਣਾ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਹਲਕਾ ਤਰਨ ਤਾਰਨ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 11 ਨਵੰਬਰ ਨੂੰ ਸਵੇਰੇ 7.00 ਵਜੇ ਤੋਂ ਸ਼ਾਮ 6.00 ਵਜੇ ਤੱਕ ਬਿਨਾਂ ਕਿਸੇ ਡਰ ਭੈਅ ਤੋਂ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ। ਉਨ੍ਹਾਂ ਦੱਸਿਆ ਕਿ ਹਲਕੇ ਦੇ 222 ਪੋਲਿੰਗ ਸਟੇਸ਼ਨਾਂ ’ਤੇ ਲਾਜ਼ਮੀ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ। ਹਲਕੇ ਦਾ ਚੋਣ ਨਤੀਜਾ 14 ਨਵੰਬਰ ਨੂੰ ਆਵੇਗਾ।

