ਸਿੱਖ ਭਾਈਚਾਰੇ ਨੂੰ ਜਲਵਾਯੂ ਤਬਦੀਲੀ ਦੇ ਖਤਰਿਆਂ ਨਾਲ ਨਜਿੱਠਣ ਲਈ ਗਲੋਬਲ ਗੈਰ-ਸਰਕਾਰੀ ਸੰਗਠਨ ‘ਈਕੋਸਿੱਖ’ ਨੇ ਗੁਰੂ ਗੋਬਿੰਦ ਸਿੰਘ ਨਾਲ ਜੁੜੇ ਪੰਛੀ ‘ਬਾਜ਼’ ਦੇ ਕੁਨਬੇ ਨੂੰ ਮੁੜ ਵਸਾਉਣ ਦੇ ਇਰਾਦੇ ਨਾਲ ਇੱਕ ਵੱਡੀ ਯੋਜਨਾ ਦਾ ਖੁਲਾਸਾ ਕੀਤਾ ਹੈ।ਈਕੋਸਿੱਖ ਦੇ ਗਲੋਬਲ ਪ੍ਰਧਾਨ ਡਾ. ਰਾਜਵੰਤ ਸਿੰਘ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਦਾ ਉੱਡਦਾ ਪੰਛੀ ‘ਬਾਜ਼’ ਲੋਕਾਂ ਨੂੰ ਮਾਣ ਅਤੇ ਹਿੰਮਤ ਨਾਲ ਜੀਵਨ ਜਿਊਣ ਦੀ ਯਾਦ ਦਿਵਾਉਂਦਾ ਸੀ। ਇਹ ਮੰਦਭਾਗਾ ਹੈ ਕਿ ਮਹਾਨ ਗੁਰੂ ਦਾ ਇਹ ਮਹੱਤਵਪੂਰਨ ਪ੍ਰਤੀਕ ਅਤੇ ਪੰਜਾਬ ਦਾ ਅਧਿਕਾਰਤ ਰਾਜ ਪੰਛੀ ਹੁਣ ਨਿਵਾਸ ਸਥਾਨ ਦੇ ਨੁਕਸਾਨ, ਗੈਰ-ਕਾਨੂੰਨੀ ਵਪਾਰ ਅਤੇ ਪ੍ਰਦੂਸ਼ਣ ਕਾਰਨ ਸੂਬੇ ਦੇ ਅਸਮਾਨ ਤੋਂ ਲੋਪ ਹੋ ਗਿਆ ਹੈ। ਇਸ ਲਈ ਸੂਬੇ ਵਿੱਚ ਵਾਤਾਵਰਨ ਸੰਤੁਲਨ ਨੂੰ ਬਹਾਲ ਕਰਨ ਅਤੇ ਬਾਜ਼ ਨੂੰ ਪੰਜਾਬ ਵਿੱਚ ਮੁੜ ਲਿਆਉਣ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ‘ਈਕੋਸਿੱਖ’ ਵੱਲੋਂ ਸ਼ੁਰੂ ਕੀਤੀ ਜਾਣ ਵਾਲੀ ਯੋਜਨਾ ਮੁੰਬਈ ਸਥਿਤ 140 ਸਾਲ ਪੁਰਾਣੀ ਸੰਸਥਾ, ਬੰਬੇ ਨੈਚੂਰਲ ਹਿਸਟਰੀ ਸੁਸਾਇਟੀ (ਬੀਐੱਨਐੱਚਐੱਸ) ਦੇ ਸਹਿਯੋਗ ਨਾਲ ਲਾਗੂ ਕੀਤੀ ਜਾਵੇਗੀ। ਇਸ ਪੂਰੇ ਪ੍ਰਾਜੈਕਟ ਦਾ ਉਦੇਸ਼ ਬਾਜ਼ ਜਾਂ ਉੱਤਰੀ ਗੋਸ਼ੌਕ (ਨਾਰਦਨ ਗੋਸ਼ਾਕ) ਅਤੇ ਇੱਕ ਹੋਰ ਬਾਜ਼ ਪ੍ਰਜਾਤੀ ਸ਼ਾਹੀਨ ਬਾਜ਼ ਦੇ ਕੁਦਰਤੀ ਨਿਵਾਸ ਸਥਾਨ ਨੂੰ ਮੁੜ ਤੋਂ ਬਹਾਲ ਕਰਨਾ ਹੈ।ਈਕੋਸਿੱਖ ਦੀ ਪ੍ਰਧਾਨ ਡਾ. ਸੁਪ੍ਰੀਤ ਕੌਰ ਨੇ ਐਲਾਨ ਕੀਤਾ ਕਿ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਪੁਰਬ ਮੌਕੇ 350 ਪਵਿੱਤਰ ਬਾਗ ਲਗਾਏ ਜਾਣਗੇ। ਇਸ ਮੌਕੇ ਸੈਕਰੇਡ ਫਾਰੈਸਟ ਐਂਡ ਸੈਕਰੇਡ ਫੋਨਾ ਕਨਵੀਨਰ ਚਰਨ ਸਿੰਘ, ਪੰਚਕੂਲਾ ਸਥਿਤ ਗੁਰਦੁਆਰਾ ਚਰਨ ਕੰਵਲ ਸਾਹਿਬ ਕਮੇਟੀ ਦੇ ਪ੍ਰਧਾਨ ਉਜਾਗਰ ਸਿੰਘ ਨੇ ਸੰਬੋਧਨ ਕੀਤਾ।