ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਦਿਸ਼ਾ ਨਿਰਦੇਸ਼ਾਂ ’ਤੇ ਯੂਟੀ ਪ੍ਰਸ਼ਾਸਨ ਦੇ ਇੰਜਨੀਅਰਿੰਗ ਵਿਭਾਗ ਨੇ ਗ੍ਰੀਨ ਐਕਸ਼ਨ ਪਲਾਨ ਤਹਿਤ ‘ਰੁੱਖ ਲਗਾਓ, ਰੁੱਖ ਬਚਾਓ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਤਹਿਤ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਡੇਢ ਲੱਖ ਬੂਟੇ ਲਗਾਉਣਾ ਦਾ ਟੀਚਾ ਮਿਥਿਆ ਹੈ। ਇਸ ਦੇ ਨਾਲ ਹੀ ਸ਼ਹਿਰ ਵਿੱਚ ਲੱਗੇ ਬੂਟਿਆਂ ਦੀ ਰਾਖੀ ਲਈ ਲੋੜੀਂਦੇ ਪ੍ਰਬੰਧ ਕਰਨ ਦਾ ਫੈਸਲਾ ਕੀਤਾ ਹੈ। ਪ੍ਰਸ਼ਾਸਨ ਨੇ ਇਸ ਮੁਹਿੰਮ ਤਹਿਤ ਸੈਕਟਰ-51 ਦੇ ਰਾਜਿੰਦਰ ਗਾਰਡਨ, ਸੈਕਟਰ-1, ਪਾਮ ਗਾਰਡਨ ਸਣੇ ਵੱਖ-ਵੱਖ ਪਾਰਕਾਂ ਵਿੱਚ ਬੂਟੇ ਲਗਾਏ ਅਤੇ ਬੂਟਿਆਂ ਦੀ ਰਾਖੀ ਲਈ ਟਰੀ ਗਾਰਡ ਲਗਾਏ ਗਏ ਤਾਂ ਜੋ ਬੂਟਿਆਂ ਨੂੰ ਆਵਾਰਾ ਪਸ਼ੂਆਂ ਤੋਂ ਬਚਾਇਆ ਜਾ ਸਕੇ।
ਯੂਟੀ ਪ੍ਰਸ਼ਾਸਨ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਮੱਧ ਮਾਰਗ, ਪੂਰਵ ਮਾਰਗ, ਜਨ ਮਾਰਗ, ਐੱਨ-ਚੋਏ ਸਮੇਤ ਸ਼ਹਿਰ ਦੀਆਂ ਮੁੱਖ ਸੜਕਾਂ, ਸੁਖਨਾ ਝੀਲ ਅਤੇ ਹਾਈ ਕੋਰਟ ਦੇ ਪਾਰਕਿੰਗ ਖੇਤਰ ਵਿੱਚ ਬੂਟੇ ਲਗਾਏ ਜਾਣਗੇ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ ਕਿ ਇੰਜਨੀਅਰਿੰਗ ਵਿਭਾਗ ਵੱਲੋਂ ਅਗਸਤ ਮਹੀਨੇ ਦੇ ਆਖੀਰ ਤੱਕ ਬੂਟੇ ਲਗਾਉਣ ਦੇ ਟੀਚੇ ਨੂੰ ਪੂਰਾ ਕੀਤਾ ਜਾਵੇਗਾ। ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਲੋਕਾਂ ਨੂੰ ਵੀ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਦੇਖ-ਭਾਲ ਕਰਨ ਦੀ ਅਪੀਲ ਕੀਤੀ।