Tanker caught Fire: ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਤੇਲ ਦੇ ਟੈਂਕਰ ਨੂੰ ਅੱਗ
ਸਰਬਜੀਤ ਸਿੰਘ ਭੱਟੀ
ਲਾਲੜੂ , 30 ਜੂਨ
ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਪਿੰਡ ਆਲਮਗੀਰ ਨੇੜੇ ਅੱਜ ਦੇਰ ਸ਼ਾਮ ਕਰੀਬ 8 ਵਜੇ ਇੱਕ ਢਾਬੇ ’ਤੇ ਖੜ੍ਹੇ ਤੇਲ ਦੇ ਟੈਂਕਰ ਵਿੱਚ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਆਸ ਪਾਸ ਖੜ੍ਹੇ ਦਰਜਨਾਂ ਵਾਹਨ ਨੁਕਸਾਨੇ ਗਏ। ਅੱਗ ਦੀ ਖਬਰ ਪਤਾ ਲੱਗਣ ਤੋਂ ਬਾਅਦ ਡੇਰਾਬਸੀ, ਅੰਬਾਲਾ, ਦੱਪਰ, ਨਾਹਰ ਅਤੇ ਹੋਰ ਕੰਪਨੀਆਂ ਦੀਆਂ ਫਾਇਰ ਬ੍ਰਿਗੇਡ ਗੱਡੀਆਂ ਅੱਗ ਬੁਝਾਉਣ ਪੁੱਜੀਆਂ। ਅੱਗ ਲੱਗਣ ਦੇ ਕਾਰਨਾਂ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ।
ਅੱਗ ਲੱਗਣ ਦੀ ਸੂਚਨਾ ਫਾਇਰ ਅਫਸਰ ਡੇਰਾਬਸੀ ਬਲਜੀਤ ਸਿੰਘ ਨੂੰ ਮਿਲੀ ਜਿਨ੍ਹਾਂ ਨੇ ਤੁਰੰਤ ਮੌਕੇ ’ਤੇ ਪੁੱਜ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਕਰੀਬ ਡੇਢ ਘੰਟੇ ਦੀ ਜੱਦੋਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਇਸ ਦੌਰਾਨ ਪਤਾ ਲੱਗਾ ਕਿ ਕਿਸੇ ਪ੍ਰਕਾਰ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸ ਅੱਗ ਨਾਲ ਢਾਬੇ ’ਤੇ ਖੜ੍ਹੇ ਦੋ ਹੋਰ ਟੈਂਕਰਾਂ ਨੂੰ ਵੀ ਅੱਗ ਲੱਗੀ ਜੋ 50 ਪ੍ਰਤੀਸ਼ਤ ਦੇ ਕਰੀਬ ਸੜ ਗਏ ਪਰ ਫਾਇਰ ਬ੍ਰਿਗੇਡ ਨੇ ਅੱਗ ਅੱਗੇ ਨਾ ਫੈਲਣ ਦਿੱਤੀ। ਅੱਗ ਲੱਗਣ ਦੇ ਕਾਰਨਾਂ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ।
ਇਸ ਮੌਕੇ ਥਾਣਾ ਮੁਖੀ ਲਾਲੜੂ ਇੰਸਪੈਕਟਰ ਸਿਮਰਨ ਸਿੰਘ ਤੇ ਸਬ ਇੰਸਪੈਕਟਰ ਰਾਜਿੰਦਰ ਸਿੰਘ ਵੀ ਪੁਲੀਸ ਪਾਰਟੀ ਨੂੰ ਨਾਲ ਲੈ ਕੇ ਮੌਕੇ ’ਤੇ ਪੁੱਜ ਗਏ ਅਤੇ ਅੱਗ ਬੁਝਾਉਣ ਵਿੱਚ ਪੁਲੀਸ ਮੁਲਾਜ਼ਮ ਵੀ ਲੱਗੇ ਰਹੇ। ਇਸੇ ਦੌਰਾਨ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੀ ਮੌਕੇ ’ਤੇ ਪੁੱਜੇ। ਉਨ੍ਹਾਂ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਫਾਇਰ ਬ੍ਰਿਗੇਡ ਤੇ ਪੁਲੀਸ ਮੁਲਾਜ਼ਮਾਂ ਦੀ ਬਹਾਦਰੀ ਲਈ ਥਾਪੜਾ ਦਿੱਤਾ।