ਸੂਰਜ ਫਗਵਾੜਾ ਨੇ ਝੰਡੀ ਦੀ ਕੁਸ਼ਤੀ ਜਿੱਤੀ
ਜਗਮੋਹਨ ਸਿੰਘ
ਰੂਪਨਗਰ, 13 ਜੁਲਾਈ
ਰੂਪਨਗਰ ਜ਼ਿਲ੍ਹੇ ਦੇ ਮਸ਼ਹੂਰ ਪਹਿਲਵਾਨ ਗੁਰਚਰਨ ਸਿੰਘ ਥਾਣੇਦਾਰ ਦੀ ਯਾਦ ਵਿੱਚ ਬਾਬਾ ਸ਼ਿਆਮ ਦਾਸ ਅਖਾੜਾ ਅਕਬਰਪੁਰ ਮਗਰੋੜ ਦੇ ਪ੍ਰਬੰਧਕਾਂ ਦੁਆਰਾ ਦੂਜਾ ਸਾਲਾਨਾ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਕੁਸ਼ਤੀ ਕੋਚ ਹਰਵਿੰਦਰ ਸਿੰਘ ਵਿੱਕੀ, ਸਿਕੰਦਰ ਸਿੰਘ ਤੇ ਲਾਭ ਸਿੰਘ ਦੀ ਦੇਖ-ਰੇਖ ਅਧੀਨ ਕਰਵਾਏ ਦੰਗਲ ਦੌਰਾਨ ਵੱਖ ਵੱਖ ਰਾਜਾਂ ਤੋਂ ਆਏ ਪਹਿਲਵਾਨਾਂ ਨੇ ਜੌਹਰ ਦਿਖਾਏ। ਝੰਡੀ ਦੀ 75 ਕਿਲੋ ਭਾਰ ਵਰਗ ਦੀ ਮੁੱਖ ਝੰਡੀ ਦੀ ਕੁਸ਼ਤੀ ਸੂਰਜ ਫਗਵਾੜਾ ਨੇ ਮੋਨੂੰ ਨੂੰ ਚਿੱਤ ਕਰਕੇ ਜਿੱਤੀ। ਕੁਸ਼ਤੀ ਦੰਗਲ ਦੌਰਾਨ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਮੁੱਖ ਮਹਿਮਾਨ ਵਜੋਂ ਤੇ ਸੁਖਵਿੰਦਰ ਸਿੰਘ ਸੁੱਖ ਵਿਧਾਇਕ ਬੰਗਾ, ਅਜੈਵੀਰ ਸਿੰਘ ਲਾਲਪੁਰ ਜ਼ਿਲ੍ਹਾ ਪ੍ਰਧਾਨ ਭਾਜਪਾ ਰੂਪਨਗਰ, ਰੁਸਤਮੇ ਹਿੰਦ ਪਹਿਲਵਾਨ ਕਰਤਾਰ ਸਿੰਘ ਡੂੰਮਛੇੜੀ, ਕਾਂਗਰਸੀ ਆਗੂ ਰਾਣਾ ਕੰਗ ਰੰਗੀਲਪੁਰ, ਪਹਿਲਵਾਨ ਸੁਗਰੀਵ ਚੰਦ ਰਾਣਾ ਤੇ ਜਗਮੋਹਨ ਸਿੰਘ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਲੋਕ ਗਾਇਕ ਲਖਵੀਰ ਸਿੰਘ ਲੱਖਾ, ਡੀਪੀਈ ਮਲਕੀਤ ਸਿੰਘ, ਅਮਰਜੀਤ ਸਿੰਘ ਲਾਡੀ, ਪ੍ਰਸ਼ੋਤਮ, ਰਿੰਕੂ ਫੁਲੇਸ਼ਵਰ, ਕਪਿਲ, ਐਡਵੋਕੇਟ ਵਰਿੰਦਰ ਅਤੇ ਬਿਕਰਮ ਸਿੰਘ ਲਾਲੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਦੌਰਾਨ ਸੋਸ਼ਲ ਵੈੱਲਫੇਅਰ ਕਲੱਬ ਕੋਟਲਾ ਨਿਹੰਗ ਵੱਲੋਂ ਥਾਣੇਦਾਰ ਗੁਰਚਰਨ ਸਿੰਘ ਦੀ ਪਤਨੀ ਬੀਬੀ ਕੁਲਦੀਪ ਕੌਰ ਦਾ ਸਨਮਾਨ ਕੀਤਾ ਗਿਆ।