DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੁਖਨਾ ਝੀਲ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ

ਝੀਲ ਵਿੱਚ ਖ਼ਤਰੇ ਦਾ ਨਿਸ਼ਾਨ 1163 ਫੁੱਟ, ਪਾਣੀ 1161 ਫੁੱਟ ’ਤੇ ਪੁੱਜਾ; ਪ੍ਰਸ਼ਾਸਨ ਨੇ 24 ਘੰਟੇ ਚੌਕਸੀ ਵਧਾਈ
  • fb
  • twitter
  • whatsapp
  • whatsapp
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 8 ਜੁਲਾਈ

Advertisement

ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਨਾਲ ਲਗਦੀਆਂ ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਰ ਕੇ ਸੁਖਨਾ ਝੀਲ ਵਿੱਚ ਵੀ ਪਾਣੀ ਵਧਣਾ ਸ਼ੁਰੂ ਹੋ ਗਿਆ ਹੈ। ਪਾਣੀ ਵਧਣ ਦੇ ਨਾਲ ਹੀ ਸੁਖਨਾ ਝੀਲ ਦੇ ਆਲੇ-ਦੁਆਲੇ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਦੇ ਸਾਹ ਸੁੱਕਣੇ ਸ਼ੁਰੂ ਹੋ ਗਏ ਹਨ। ਅੱਜ ਸੁਖਨਾ ਝੀਲ ’ਚ ਸ਼ਾਮ ਸਮੇਂ ਪਾਣੀ ਦਾ ਪੱਧਰ 1161 ਫੁੱਟ ਦਰਜ ਕੀਤਾ ਗਿਆ ਜੋ ਖ਼ਤਰੇ ਦੇ ਨਿਸ਼ਾਨ ਤੋਂ ਲਗਪਗ ਸਿਰਫ਼ ਦੋ ਫੁੱਟ ਹੇਠਾਂ ਹੈ। ਸੁਖਨਾ ਝੀਲ ’ਚ ਖਤਰੇ ਦਾ ਨਿਸ਼ਾਨ 1163 ਫੁੱਟ ’ਤੇ ਹੈ। ਯੂਟੀ ਪ੍ਰਸ਼ਾਸਨ ਨੇ ਸੁਖਨਾ ਝੀਲ ਦੇ ਰੈਗੂਲੇਟਰੀ ਐਂਡ ’ਤੇ ਸਥਿਤ ਫਲੱਡ ਗੇਟ ’ਤੇ 24 ਘੰਟੇ ਚੌਕਸੀ ਰੱਖੀ ਜਾ ਰਹੀ ਹੈ।

ਯੂਟੀ ਪ੍ਰਸ਼ਾਸਨ ਵੱਲੋਂ ਸੁਖਨਾ ਝੀਲ ਦੇ ਰੇਗੂਲੇਟਰੀ ਐਂਡ ’ਤੇ ਸਥਿਤ ਫਲੱਡ ਗੇਟਾਂ ’ਤੇ ਸੀਸੀਟੀਵੀ ਕੈਮਰੇ ਵੀ ਲਗਾ ਦਿੱਤੇ ਹਨ, ਜਿਸ ਰਾਹੀਂ ਹਰ ਸਮੇਂ ਪ੍ਰਸ਼ਾਸਨ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਸ਼ਿਫਟਾਂ ਵਿੱਚ ਅਧਿਕਾਰੀਆਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਝੀਲ ’ਤੇ ਰਾਤ ਨੂੰ ਹਨੇਰੇ ਵਿੱਚ ਰਾਖੀ ਕਰਨ ਲਈ ਵਿਸ਼ੇਸ਼ ਫਲੱਡ ਲਾਈਟਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਪੈਣ ਕਰ ਕੇ ਝੀਲ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ। ਜੇ ਝੀਲ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨਜ਼ਦੀਕ ਪਹੁੰਚਦਾ ਹੈ ਤਾਂ ਰੈਗੁਲੇਟਰੀ ਐਂਡ ’ਤੇ ਸਥਿਤ ਫਲੱਡ ਗੇਠ ਖੋਲ੍ਹ ਦਿੱਤੇ ਜਾਣਗੇ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੁਖਨਾ ਝੀਲ ਦੇ ਰੇਗੂਲੇਟਰੀ ਐਂਡ ’ਤੇ ਸਥਿਤ ਫਲੱਡ ਗੇਟਾਂ ਨੂੰ ਸਾਲ 2023 ਵਿੱਚ ਖੋਲ੍ਹਿਆ ਗਿਆ ਸੀ। ਉਸ ਸਾਲ ਵਾਰ-ਵਾਰ ਝੀਲ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਸੀ, ਜਿਸ ਕਰ ਕੇ ਮੌਨਸੂਨ ਸੀਜ਼ਨ ਦੌਰਾਨ ਕਈ ਵਾਰ ਫਲੱਡ ਗੇਟ ਖੋਲ੍ਹਣੇ ਪਏ ਸਨ।

ਚਾਰ ਦਿਨ ਮੀਂਹ ਪੈਣ ਦੀ ਪੇਸ਼ੀਨਗੋਈ

ਮੌਸਮ ਵਿਭਾਗ ਨੇ ਚੰਡੀਗੜ੍ਹ ਸ਼ਹਿਰ ਵਿੱਚ ਅਗਲੇ ਚਾਰ ਦਿਨ ਰੁਕ-ਰੁਕ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਅੱਜ ਵੀ ਦਿਨ ਸਮੇਂ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਕਿਣ-ਮਿਣ ਹੋਈ ਹੈ। ਮੌਸਮ ਵਿਭਾਗ ਅਨੁਸਾਰ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 35.1 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 26.6 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਸ ਵਾਰ ਮੌਨਸੂਨ ਦੌਰਾਨ ਆਮ ਨਾਲੋਂ 51.2 ਫ਼ੀਸਦ ਵੱਧ ਮੀਂਹ ਪੈ ਚੁੱਕਾ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ 1 ਜੂਨ ਤੋਂ ਹੁਣ ਤੱਕ 320.5 ਐੱਮਐੱਮ ਮੀਂਹ ਪਿਆ ਹੈ ਜਦੋਂਕਿ ਆਮ ਤੌਰ ’ਤੇ 200 ਐੱਮਐੱਮ ਦੇ ਕਰੀਬ ਮੀਂਹ ਪੈਂਦਾ ਹੈ।

Advertisement
×