ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 20 ਸਤੰਬਰ ਨੂੰ ਚਮਕੌਰ ਸਾਹਿਬ ਵਿਖੇ ਦੌਰੇ ’ਤੇ ਆ ਰਹੇ ਹਨ। ਉਨ੍ਹਾਂ ਦੇ ਦੌਰੇ ਨੂੰ ਲੈ ਕੇ ਅਕਾਲੀ ਦਲ ਹਲਕਾ ਚਮਕੌਰ ਸਾਹਿਬ ਵੱਲੋਂ ਤਿਆਰੀਆਂ ਨੂੰ ਆਖ਼ਰੀ ਰੂਪ ਦਿੱਤਾ ਜਾ ਗਿਆ। ਅਕਾਲੀ ਦਲ ਦੇ ਸੀਨੀਅਰ ਆਗੂ ਹਰਮੋਹਣ ਸਿੰਘ ਸੰਧੂ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਮੀਟਿੰਗ ਹਾਲ ਵਿੱਚ ਵਰਕਰਾਂ ਦੀ ਇਕ ਅਹਿਮ ਮੀਟਿੰਗ ਹੋਈ।
ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ ਅਤੇ ਸੀਨੀਅਰ ਆਗੂ ਬਲਦੇਵ ਸਿੰਘ ਹਾਫਿਜ਼ਾਬਾਦ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਦੁਪਹਿਰ 12 ਵਜੇ ਚਮਕੌਰ ਸਾਹਿਬ ਦੀ ਦਾਣਾ ਮੰਡੀ ਵਿੱਚ ਪਹੁੰਚਣਗੇ। ਉੱਥੋ ਉਹ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਪਸ਼ੂਆਂ ਲਈ ਚਾਰੇ ਨਾਲ ਭਰੇ ਟਰੱਕਾਂ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਹ ਚਾਰਾ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਉਪਰਾਲੇ ਨਾਲ ਇਕੱਠਾ ਕੀਤਾ ਗਿਆ ਹੈ, ਜਿਸ ਦਾ ਮਕਸਦ ਹੜ੍ਹ ਕਾਰਨ ਬੇਸਹਾਰਾ ਹੋਏ ਪਸ਼ੂਆਂ ਦੀ ਸਹਾਇਤਾ ਕਰਨੀ ਹੈ।
ਉਨਾ ਦੱਸਿਆ ਕਿ ਇਸ ਮੌਕੇ ਬਾਦਲ ਪਾਰਟੀ ਵਰਕਰਾਂ ਅਤੇ ਹਲਕੇ ਦੇ ਆਗੂਆਂ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਾਲਤ, ਹਲਕੇ ਦੀ ਸਿਆਸੀ ਸਥਿਤੀ ਅਤੇ ਭਵਿੱਖ ਦੀ ਰਣਨੀਤੀ ’ਤੇ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕਰਨਗੇ। ਹਰਮੋਹਣ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਤੇ ਚਮਕੌਰ ਸਾਹਿਬ ਹਲਕੇ ਵਿੱਚ ਹਾਲੀਆ ਹੜ੍ਹਾਂ ਨੇ ਕਾਫੀ ਤਬਾਹੀ ਕੀਤੀ ਹੈ, ਜਿਸ ਦੌਰਾਨ ਕਿਸਾਨਾਂ ਦੀਆਂ ਫਸਲਾਂ ਨਸ਼ਟ ਹੋ ਗਈਆਂ ਹਨ ਅਤੇ ਬਹੁਤ ਸਾਰੇ ਪਸ਼ੂ ਹੜਾਂ ਕਾਰਨ ਮਾਰੇ ਗਏ ਤੇ ਬਾਕੀ ਬਚਦੇ ਪਸ਼ੂ ਚਾਰੇ ਦੀ ਘਾਟ ਨਾਲ ਜੂਝ ਰਹੇ ਹਨ। ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ ਅਕਾਲੀ ਦਲ ਵੱਲੋਂ ਚਾਰਾ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।

