ਸੁਖਬੀਰ ਸਿੰਘ ਬਾਦਲ ਵੱਲੋਂ ਹੜ੍ਹ ਪੀੜਤ ਪਸ਼ੂ ਪਾਲਕਾਂ ਲਈ 100 ਟਰੱਕ ਚਾਰੇ ਦੇ ਰਵਾਨਾ
500 ਟਰੱਕ ਭੇਜਣ ਦਾ ਕੀਤਾ ਸੀ ਵਾਅਦਾ; ਦੂਜੀ ਖੇਪ ਭੇਜੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਪਿੰਡ ਦੁੱਗਰੀ ਤੋਂ ਹੜ੍ਹਾਂ ਕਾਰਨ ਪ੍ਰਭਾਵਿਤ ਜ਼ਿਲ੍ਹੇ ਪਟਿਆਲਾ ਅਤੇ ਜਲੰਧਰ ਦੇ ਪਸ਼ੂ ਪਾਲਕਾਂ ਲਈ 100 ਟਰੱਕ ਚਾਰੇ ਦੀ ਮਦਦ ਰਵਾਨਾ ਕੀਤੀ ਗਈ। ਸ੍ਰੀ ਬਾਦਲ ਨੇ ਦੱਸਿਆ ਕਿ ਇਹ ਮਦਦ ਹੜ੍ਹਾਂ ਕਾਰਨ ਆਪਣੇ ਪਸ਼ੂਆਂ ਲਈ ਚਾਰਾ ਉਡੀਕਦੇ ਕਿਸਾਨਾਂ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੜ੍ਹ ਪੀੜਤ ਪਰਿਵਾਰਾਂ ਦੇ ਪਸ਼ੂਆਂ ਲਈ 500 ਟਰੱਕ ਚਾਰੇ ਦੇ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜਿਸ ਲੜੀ ਤਹਿਤ ਅੱਜ ਦੂਜੀ ਕਿਸ਼ਤ ਭੇਜੀ ਗਈ ਹੈ। ਸ੍ਰੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਮੁਸ਼ਕਿਲ ਸਮੇਂ ਪੰਜਾਬ ਦੇ ਲੋਕਾਂ ਨਾਲ ਖੜ੍ਹਿਆ ਹੈ ਅਤੇ ਇਹ ਚਾਰਾ ਸਿਰਫ਼ ਇੱਕ ਸ਼ੁਰੂਆਤ ਹੈ ਅਤੇ ਜਿੱਥੇ ਜਿੱਥੇ ਲੋੜ ਹੋਵੇਗੀ, ਉੱਥੇ ਹੋਰ ਮਦਦ ਭੇਜੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੜ੍ਹਾਂ ਨੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਵੱਡਾ ਨੁਕਸਾਨ ਕੀਤਾ ਹੈ, ਖੇਤਾਂ, ਘਰਾਂ ਅਤੇ ਖਾਸ ਕਰਕੇ ਪਸ਼ੂ ਪਾਲਣ 'ਤੇ ਭਾਰੀ ਅਸਰ ਪਿਆ ਹੈ। ਪਸ਼ੂਆਂ ਲਈ ਚਾਰੇ ਦੀ ਘਾਟ ਕਾਰਨ ਕਿਸਾਨ ਬਹੁਤ ਪ੍ਰੇਸ਼ਾਨ ਹਨ। ਅਜਿਹੇ ਸਮੇਂ 'ਚ ਉਨ੍ਹਾਂ ਦੀ ਮਦਦ ਕਰਨਾ ਸ਼੍ਰੋਮਣੀ ਅਕਾਲੀ ਦਲ ਦੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਅਪੀਲ ਕੀਤੀ ਕਿ ਸਰਕਾਰ ਤੁਰੰਤ ਹੜ੍ਹ ਪੀੜਤ ਖੇਤਰਾਂ ਦੀ ਸੰਭਾਲ ਲਈ ਠੋਸ ਕਦਮ ਚੁੱਕੇ ਅਤੇ ਪਸ਼ੂਆਂ ਲਈ ਚਾਰੇ ਦੀ ਉਪਲਬਧਤਾ ਯਕੀਨੀ ਬਣਾਏ। ਇਸ ਮੌਕੇ ਸੀਨੀਅਰ ਅਕਾਲੀ ਆਗੂ ਹਰਮੋਹਣ ਸਿੰਘ ਸੰਧੂ, ਸੀਨੀਅਰ ਆਗੂ ਅਮਨਦੀਪ ਸਿੰਘ ਮਾਂਗਟ, ਬਲਦੇਵ ਸਿੰਘ ਹਾਫਿਜ਼ਾਬਾਦ, ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ, ਅਮਰਿੰਦਰ ਸਿੰਘ ਬਿੰਦਰਾ, ਪਰਮਜੀਤ ਸਿੰਘ ਢਿੱਲੋ, ਬੰਟੀ ਰੁਮਾਣਾ, ਰਵਿੰਦਰ ਸਿੰਘ ਖੇੜਾ ਅਤੇ ਪਰਮਜੀਤ ਸਿੰਘ ਮੱਕੜ ਆਦਿ ਹਾਜ਼ਰ ਸਨ।