ਜਸਵਿੰਦਰ ਭੱਲਾ ਦੇ ਘਰ ਦੁੱਖ ਵੰਡਾਉਣ ਪਹੁੰਚੇ ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸ਼ਾਮ ਮੁਹਾਲੀ ਦੇ ਫੇਜ਼ ਸੱਤ ਵਿੱਚ ਨਾਮਵਰ ਕਾਮੇਡੀ ਕਲਾਕਾਰ ਅਤੇ ਉੱਘੇ ਫ਼ਿਲਮੀ ਅਦਾਕਾਰ ਡਾ. ਜਸਵਿੰਦਰ ਸਿੰਘ ਭੱਲਾ ਦੇ ਘਰ ਦੁੱਖ ਵੰਡਾਉਣ ਲਈ ਪਹੁੰਚੇ। ਦੱਸਣਯੋਗ ਹੈ ਕਿ 22 ਅਗਸਤ ਨੂੰ ਉਨ੍ਹਾਂ ਦੇ ਦੇਹਾਂਤ ਹੋ ਗਿਆ ਸੀ। ਇਸ ਮੌਕੇ ਉਨ੍ਹਾਂ ਨਾਲ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਪਰਵਿੰਦਰ ਸਿੰਘ ਸੋਹਾਣਾ, ਸੁਖਵਿੰਦਰ ਸਿੰਘ ਛਿੰਦੀ, ਸਾਬਕਾ ਚੇਅਰਮੈਨ ਜਸਬੀਰ ਸਿੰਘ ਜੱਸਾ, ਹਰਮਨਪ੍ਰੀਤ ਸਿੰਘ ਪ੍ਰਿੰਸ ਆਦਿ ਆਗੂ ਵੀ ਮੌਜੂਦ ਸਨ। ਸੁਖਬੀਰ ਬਾਦਲ ਨੇ ਇਸ ਮੌਕੇ ਸਵਰਗੀ ਭੱਲਾ ਦੀ ਪਤਨੀ, ਪੁੱਤਰ ਅਤੇ ਬਾਲ ਮੁਕੰਦ ਸ਼ਰਮਾ ਨਾਲ ਦੁੱਖ ਵੰਡਾਇਆ। ਸੁਖਬੀਰ ਬਾਦਲ ਨੇ ਇਸ ਮੌਕੇ ਪਰਿਵਾਰ ਨਾਲ ਜਸਵਿੰਦਰ ਭੱਲਾ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਉਹ ਮਹਾਨ ਕਲਾਕਾਰ ਸੀ ਜਿਹੜਾ ਹਮੇਸ਼ਾ ਲੋਕਾਂ ਦੇ ਮੁੱਦਿਆਂ ਨੂੰ ਵਿਅੰਗਮਈ ਢੰਗ ਨਾਲ ਉਭਾਰਦਾ ਸੀ। ਉਨ੍ਹਾਂ ਸ੍ਰੀ ਭੱਲਾ ਦੇ ਦਿਹਾਂਤ ਨੂੰ ਪੰਜਾਬੀ ਸੱਭਿਆਚਾਰ ਅਤੇ ਪੰਜਾਬ ਲਈ ਬਹੁਤ ਵੱਡਾ ਘਾਟਾ ਦੱਸਿਆ। ਇਸੇ ਦੌਰਾਨ ਪਰਿਵਾਰ ਵੱਲੋਂ ਦਿੱਤੀ ਸੂਚਨਾ ਅਨੁਸਾਰ ਜਸਵਿੰਦਰ ਭੱਲਾ ਦੀ ਅੰਤਿਮ ਅਰਦਾਸ 30 ਅਗਸਤ, ਦਿਨ ਐਤਵਾਰ ਨੂੰ ਚੰਡੀਗੜ੍ਹ ਦੇ ਗੁਰਦੁਆਰਾ ਸੈਕਟਰ-34 ਸੀ ਦੇ ਗੁਰਦੁਆਰਾ ਤੇਗ ਬਹਾਦਰ ਸਾਹਿਬ ਵਿਖੇ ਦੁਪਹਿਰ 12 ਵਜੇ ਤੋਂ ਡੇਢ ਵਜੇ ਦਰਮਿਆਨ ਹੋਵੇਗੀ।