ਖ਼ੁਦਕੁਸ਼ੀ ਮਾਮਲਾ: ਆਰਥਿਕ ਤੌਰ ’ਤੇ ਖ਼ੁਸ਼ਹਾਲ ਸੀ ਸੰਦੀਪ ਸਿੰਘ ਦਾ ਪਰਿਵਾਰ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 22 ਜੂਨ
ਮੁਹਾਲੀ ਦੇ ਐਮਆਰ ਦੇ ਸੈਕਟਰ-109 ਦੀ ਡੇਢ ਕਨਾਲ ਦੀ ਏਪੀ-95 ਨੰਬਰ ਦੀ ਕੋਠੀ ਵਿੱਚ ਰਹਿੰਦੇ ਸੰਦੀਪ ਸਿੰਘ, ਉਸ ਦੀ ਪਤਨੀ ਮਨਜੀਤ ਕੌਰ ਅਤੇ ਪੁੱਤਰ ਅਭੈ ਸਿੰਘ ਜਦੋਂ ਦੁਪਹਿਰ ਸਾਢੇ 12 ਵਜੇ ਆਪਣੀ ਕਾਰ ਵਿੱਚ ਘਰੋਂ ਨਿਕਲੇ ਸਨ ਤਾਂ ਕਿਸੇ ਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਇਹ ਪਰਿਵਾਰ ਕਦੇ ਵਾਪਸ ਨਹੀਂ ਆਵੇਗਾ। ਸੈੱਕਟਰ ਦੇ ਗੇਟ ’ਤੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਦੀ ਨਮਸ਼ਕਾਰ ਦਾ ਜਵਾਬ ਮੁਸਕਰਾ ਕੇ ਦੇ ਕੇ ਗਏ ਤੇ ਉਨ੍ਹਾਂ ਨੂੰ ਹੁਣ ਤੱਕ ਯਕੀਨ ਨਹੀਂ ਹੋ ਰਿਹਾ ਕਿ ਸੰਦੀਪ ਸਿੰਘ ਨੇ ਬਨੂੜ ਨੇੜਲੇ ਪਿੰਡ ਚੰਗੇਰਾ ਵਿੱਚ ਪਿਸਤੌਲ ਨਾਲ ਖ਼ੁਦ ਨੂੰ, ਆਪਣੀ ਪਤਨੀ ਅਤੇ ਪੁੱਤਰ ਨੂੰ ਖ਼ਤਮ ਕਰ ਲਿਆ ਹੈ।
ਐੱਮਆਰ ਦੀ ਰੈਜ਼ੀਡੈਂਸ਼ੀਅਲ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਹਰਿੰਦਰਪਾਲ ਸਿੰਘ, ਮੋਨਾ ਤੇ ਡਾ. ਦਿਨੇਸ਼ ਦੱਸਦੇ ਹਨ ਕਿ ਸੰਦੀਪ ਸਿੰਘ ਮਿੱਠੇ ਸੁਭਾਅ ਦਾ ਮਾਲਕ ਤੇ ਸਮਾਜ ਸੇਵੀ ਸੀ। ਸੁਸਾਇਟੀ ਦੇ ਹਰ ਪ੍ਰੋਗਰਾਮ ਵਿੱਚ ਸ਼ਿਰਕਤ ਕਰਦਾ ਸੀ ਤੇ ਆਰਥਿਕ ਤੌਰ ’ਤੇ ਯੋਗਦਾਨ ਪਾਉਂਦਾ ਸੀ। ਤਿਉਹਾਰ ਮੌਕੇ ਸੁਸਾਇਟੀ ਦੇ ਸੁਰੱਖਿਆ ਮੁਲਾਜ਼ਮਾਂ ਅਤੇ ਚੌਕੀਦਾਰਾਂ ਨੂੰ ਘਰ ਬੁਲਾ ਕੇ ਤੋਹਫ਼ੇ, ਮਠਿਆਈਆਂ ਅਤੇ ਮਾਲੀ ਮਦਦ ਕਰਦਾ ਸੀ।
ਹਰਿੰਦਰਪਾਲ ਸਿੰਘ ਦੱਸਦੇ ਹਨ ਕਿ ਪਹਿਲਾਂ ਸੰਦੀਪ ਸਿੰਘ ਇੱਥੇ ਕਿਰਾਏ ’ਤੇ ਰਹਿੰਦਾ ਸੀ ਪਰ ਫਿਰ ਉਨ੍ਹਾਂ ਆਪਣੀ ਕੋਠੀ ਬਣਾ ਲਈ ਸੀ। ਉਨ੍ਹਾਂ ਕਿਹਾ ਕਿ ਉਹ ਬਹੁਤ ਮਿਲਾਪੜੇ ਸੁਭਾਅ ਦਾ ਮਾਲਕ ਸੀ ਤੇ ਸੁਸਾਇਟੀ ਦੇ ਹਰ ਕਿਸੇ ਦੇ ਦੁੱਖ-ਸੁੱਖ ਵਿਚ ਸ਼ਾਮਲ ਹੁੰਦਾ ਸੀ। ਉਨ੍ਹਾਂ ਦੱਸਿਆ ਕਿ ਉਸ ਦਾ ਪੁੱਤਰ ਥੋੜ੍ਹਾ ਮਾਨਸਿਕ ਤੌਰ ’ਤੇ ਕਮਜ਼ੋਰ ਸੀ। ਉਨ੍ਹਾਂ ਦੱਸਿਆ ਕਿ ਸਾਰੀ ਸੁਸਾਇਟੀ ਦੇ ਵਸਨੀਕਾਂ ਨੂੰ ਇਹ ਯਕੀਨ ਹੀ ਨਹੀਂ ਹੋ ਰਿਹਾ ਕਿ ਮਨਜੀਤ ਸਿੰਘ ਨੇ ਇੰਨਾ ਵੱਡਾ ਕਦਮ ਕਿਵੇਂ ਚੁੱਕ ਲਿਆ। ਉਨ੍ਹਾਂ ਦੱਸਿਆ ਕਿ ਉਹ ਬਹੁਤ ਸ਼ਾਂਤ ਸੁਭਾਅ ਦਾ ਮਾਲਕ ਸੀ। ਪ੍ਰਧਾਨ ਨੇ ਦੱਸਿਆ ਕਿ ਜਦੋਂ ਉਸ ਨੂੰ ਬਾਅਦ ਦੁਪਹਿਰ ਸਾਢੇ ਕੁ ਚਾਰ ਵਜੇ ਥਾਣਾ ਬਨੂੜ ਤੋਂ ਐਸਐਚਓ ਨੇ ਫੋਨ ਤੇ ਘਟਨਾ ਬਾਰੇ ਦੱਸਿਆ ਤਾਂ ਉਨ੍ਹਾਂ ਨੂੰ ਕਿੰਨਾ ਚਿਰ ਇਸ ਦਾ ਯਕੀਨ ਹੀ ਨਾ ਆਇਆ। ਉਨ੍ਹਾਂ ਸਮੁੱਚੀ ਸੁਸਾਇਟੀ ਵੱਲੋਂ ਇਸ ਕਾਂਡ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਪਰਿਵਾਰ ਨੂੰ ਸੁਸਾਇਟੀ ਵਾਸੀ ਕਦੇ ਨਹੀਂ ਭੁਲਾ ਸਕਣਗੇ।