1,000 ਰੁਪਏ ਦੇ ਕਰਜ਼ੇ ਕਾਰਨ ਖੁਦਕੁਸ਼ੀ ਦਾ ਮਾਮਲਾ: ਫਾਇਨਾਂਸ ਕੰਪਨੀ ਦੇ ਤਿੰਨ ਰਿਕਵਰੀ ਏਜੰਟ ਗ੍ਰਿਫ਼ਤਾਰ
ਅਦਾਲਤ ਨੇ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ
Suicide by widow over Rs 1,000: 3 recovery agents of finance company arrested, remanded in judicial custody ਪੁਲੀਸ ਨੇ ਇਕ ਹਜ਼ਾਰ ਰੁਪਏ ਦੇ ਕਰਜ਼ੇ ਕਾਰਨ ਵਿਧਵਾ ਵਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਇੱਕ ਨਿੱਜੀ ਫਾਇਨਾਂਸ ਕੰਪਨੀ ਦੇ ਤਿੰਨ ਰਿਕਵਰੀ ਏਜੰਟਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਦੀ ਪਛਾਣ ਸ਼ੁਭਮ, ਸਾਗਰ ਅਤੇ ਅਭਿਸ਼ੇਕ ਵਜੋਂ ਹੋਈ ਹੈ ਜਿਨ੍ਹਾਂ ’ਤੇ ਕਥਿਤ ਤੌਰ ’ਤੇ ਇੱਕ ਵਿਧਵਾ ਰੰਜਨਾ ਦੇਵੀ ਨੂੰ ਤੰਗ-ਪ੍ਰੇਸ਼ਾਨ ਕਰਨ ਤੇ ਉਸ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਕੇ ਅੱਜ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਇਹ ਪਤਾ ਲੱਗਿਆ ਹੈ ਕਿ ਰੰਜਨਾ ਦੇਵੀ ਦੀ ਲਾਸ਼ ਬੀਬੀਐਮਬੀ ਦੇ ਗੰਗੂਵਾਲ ਹੈੱਡਵਰਕਸ ਨੇੜੇ ਦੇਖੀ ਗਈ ਸੀ ਪਰ ਇਹ ਹਾਲੇ ਤੱਕ ਬਰਾਮਦ ਨਹੀਂ ਕੀਤੀ ਗਈ। ਸੂਤਰਾਂ ਨੇ ਦੱਸਿਆ ਕਿ ਰੰਜਨਾ ਦੀਆਂ ਧੀਆਂ ਨੇ ਨੰਗਲ ਹਾਈਡਲ ਨਹਿਰ ਤੋਂ ਆਪਣੀ ਮਾਂ ਦੀ ਲਾਸ਼ ਕੱਢਣ ਲਈ ਪ੍ਰਸ਼ਾਸਨ ਤੋਂ ਮਦਦ ਮੰਗੀ ਹੈ। ਜੇਕਰ ਮ੍ਰਿਤਕ ਦੇਹ ਭਲਕ ਤਕ ਨਾ ਮਿਲੀ ਤਾਂ ਪ੍ਰਸ਼ਾਸਨ ਨੂੰ ਲਾਸ਼ ਕੱਢਣ ਲਈ ਨਿੱਜੀ ਗੋਤਾਖੋਰਾਂ ਦੀ ਮਦਦ ਲੈਣੀ ਪੈ ਸਕਦੀ ਹੈ।
ਦੋ ਧੀਆਂ ਦੀ ਮਾਂ ਰੰਜਨਾ ਦੇਵੀ ਘਰ ਵਿੱਚ ਕੱਪੜਿਆਂ ਦੀ ਸਿਲਾਈ ਕਰ ਕੇ ਆਪਣਾ ਗੁਜ਼ਾਰਾ ਕਰਦੀ ਸੀ। ਉਸ ਦੀ ਵੱਡੀ ਧੀ ਆਂਚਲ ਨੇ ਦੱਸਿਆ ਕਿ ਉਸਦੀ ਮਾਂ ਨੇ ਸਿਲਾਈ ਮਸ਼ੀਨ ਖਰੀਦਣ ਲਈ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਸਥਿਤ ਇੱਕ ਨਿੱਜੀ ਵਿੱਤ ਕੰਪਨੀ ਤੋਂ ਲਗਪਗ 30,000 ਰੁਪਏ ਦਾ ਕਰਜ਼ਾ ਲਿਆ ਸੀ। ਉਨ੍ਹਾਂ ਦੀ ਮਾਂ ਨੇ ਸਾਰੀ ਰਕਮ ਇੱਕ ਵਿਚੋਲਣ ਰਾਹੀਂ ਵਾਪਸ ਕਰ ਦਿੱਤੀ ਸੀ, ਪਰ ਹਾਲ ਹੀ ਵਿੱਚ ਕੁਝ ਰਿਕਵਰੀ ਏਜੰਟ ਉਨ੍ਹਾਂ ਦੇ ਘਰ ਆਉਣ ਲੱਗੇ ਅਤੇ ਕਹਿਣ ਲੱਗੇ ਕਿ ਕਰਜ਼ਾ ਅਜੇ ਵੀ ਬਕਾਇਆ ਹੈ। ਜਦੋਂ ਉਸ ਦੀ ਮਾਂ ਵਿਚੋਲਣ ਨੂੰ ਲੱਭ ਨਹੀਂ ਸਕੀ ਤਾਂ ਉਹ ਦੁਬਾਰਾ ਭੁਗਤਾਨ ਕਰਨ ਲਈ ਤਿਆਰ ਹੋ ਗਈ, ਪਰ ਉਸ ਕੋਲ ਸਿਰਫ਼ 1,000 ਰੁਪਏ ਘੱਟ ਸਨ। ਆਂਚਲ ਅਨੁਸਾਰ ਏਜੰਟਾਂ ਨੇ ਉਸ ਦੀ ਮਾਂ ਨਾਲ ਦੁਰਵਿਹਾਰ ਕੀਤਾ ਅਤੇ ਧੱਕਾ ਵੀ ਦਿੱਤਾ। ਇਸ ਡਰ ਅਤੇ ਬੇਇੱਜ਼ਤੀ ਤੋਂ ਤੰਗ ਆ ਕੇ ਰੰਜਨਾ ਦੇਵੀ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ।
ਇਸ ਘਟਨਾ ਨਾਲ ਗੈਰ-ਕਾਨੂੰਨੀ ਨਿੱਜੀ ਵਿੱਤ ਕੰਪਨੀਆਂ ਦੇ ਨੈੱਟਵਰਕ ਦਾ ਖੁਲਾਸਾ ਹੋਇਆ ਹੈ ਜੋ ਛੋਟੇ ਕਰਜ਼ਿਆਂ ਦੀ ਜ਼ਰੂਰਤ ਵਾਲੇ ਗਰੀਬਾਂ ਦਾ ਸ਼ੋਸ਼ਣ ਕਰਦੀਆਂ ਹਨ। ਇਹ ਕੰਪਨੀਆਂ ਮਹੀਨਾਵਾਰ 5 ਤੋਂ 10 ਫੀਸਦ ਤੱਕ ਬਹੁਤ ਜ਼ਿਆਦਾ ਵਿਆਜ ਦਰਾਂ ਵਸੂਲਦੀਆਂ ਹਨ ਜੋ ਭਾਰਤੀ ਰਿਜ਼ਰਵ ਬੈਂਕ (RBI) ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਹੈ।

