ਮੁਹਾਲੀ ਦੇ ਸਕੂਲਾਂ ਦੇ ਵਿਦਿਆਰਥੀਆਂ ਦਾ ਬੋਰਡ ਪ੍ਰੀਖਿਆ ’ਚ ਮਾਅਰਕਾ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 13 ਮਈ
ਸੀਬੀਐੱਸਈ ਵੱਲੋਂ ਅੱਜ ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੇ ਨਤੀਜੇ ਐਲਾਨੇ ਗਏ। ਇਸ ਵਾਰ ਵੀ ਮੁਹਾਲੀ ਦੇ ਸਕੂਲਾਂ ਦਾ ਨਤੀਜਾ ਸ਼ਾਨਦਾਰ ਰਿਹਾ ਅਤੇ ਲੜਕੀਆਂ ਨੇ ਮੋਹਰੀ ਪੁਜ਼ੀਸ਼ਨਾਂ ਹਾਸਲ ਕਰ ਕੇ ਮੁੰਡਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਦੀ ਪ੍ਰਿੰਸੀਪਲ ਗਿਆਨ ਜੋਤ ਨੇ ਦੱਸਿਆ ਕਿ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵਿੱਚ ਉਨ੍ਹਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਮੁਹਾਲੀ ਦਾ ਨਾਂ ਰੌਸ਼ਨ ਕੀਤਾ ਹੈ। ਸਾਕਸ਼ੀ ਨੇ 96.6 ਫ਼ੀਸਦੀ ਨਾਲ ਕਾਮਰਸ ਗਰੁੱਪ ਸਕੂਲ ਵਿੱਚ ਪਹਿਲਾ ਅਤੇ ਨਵਨੀਤ ਕੌਰ ਨੇ 95 ਫ਼ੀਸਦੀ ਨਾਲ ਦੂਜਾ ਅਤੇ ਮੈਡੀਕਲ ਗਰੁੱਪ ਵਿੱਚ ਹਰਜੱਸ ਸਿੰਘ ਨੇ 95.4 ਫ਼ੀਸਦੀ ਨਾਲ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।
ਇੰਜ ਹੀ ਦਸਵੀਂ ਜਮਾਤ ਵਿੱਚ ਰੌਣਕਬੀਰ ਸਿੰਘ ਬੇਦੀ ਨੇ 98.2 ਫ਼ੀਸਦੀ ਅੰਕਾਂ ਨਾਲ ਸਕੂਲ ਵਿੱਚੋਂ ਪਹਿਲਾ ਸਥਾਨ ਮੱਲਿਆ ਹੈ ਜਦੋਂਕਿ ਹਰਸਿਮਰਤ ਕੌਰ ਨੇ 98 ਫ਼ੀਸਦੀ ਨਾਲ ਦੂਜਾ ਅਤੇ ਜਸਲੀਨ ਕੌਰ ਨੇ 97.4 ਫ਼ੀਸਦੀ ਨਾਲ ਤੀਜਾ ਸਥਾਨ ਹਾਸਲ ਕੀਤਾ।
ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਦੀ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਦੱਸਿਆ ਕਿ ਬਾਰ੍ਹਵੀਂ ਸਾਇੰਸ ਗਰੁੱਪ ਵਿੱਚ ਦੇਵਸ਼ ਗਰਗ ਨੇ 97.6 ਫ਼ੀਸਦੀ ਅਤੇ ਗੁਰਵੀਨ ਕੌਰ ਬਸੀ ਨੇ 94 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਦੇਵੇਸ਼ ਗਰਗ ਨੇ ਫਿਜ਼ਿਕਸ ਵਿੱਚ 100 ਫ਼ੀਸਦੀ ਅਤੇ ਗਣਿਤ ਵਿੱਚ 99 ਫ਼ੀਸਦੀ ਅੰਕ ਪ੍ਰਾਪਤ ਹਨ। ਆਰਟਸ ਗਰੁੱਪ ਦੀ ਵਿਦਿਆਰਥਣ ਨਵਜੋਤ ਕੌਰ ਨੇ 96.8 ਫ਼ੀਸਦੀ ਅਤੇ ਪਲਕਪ੍ਰੀਤ ਕੌਰ ਨੇ 91.6 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਕਾਮਰਸ ਗਰੁੱਪ ਦੀ ਵਿਦਿਆਰਥਣ ਸੁਖਮਨ ਕੌਰ ਨੇ 92.2 ਫ਼ੀਸਦੀ ਅਤੇ ਗੁਰਮਨਜੋਤ ਕੌਰ ਨੇ 90 ਫੀਸਦੀ ਅੰਕ ਪ੍ਰਾਪਤ ਕੀਤੇ ਹਨ।
ਇਸੇ ਤਰ੍ਹਾਂ ਦਸਵੀਂ ਜਮਾਤ ਦੀ ਮਨਜੋਤ ਕੌਰ ਨੇ 94.2 ਫ਼ੀਸਦੀ ਅੰਕ ਲੈ ਕੇ ਪਹਿਲਾ, ਗੁਰਮੰਨਤ ਕੌਰ ਨੇ 92.8 ਫ਼ੀਸਦੀ ਨਾਲ ਦੂਜਾ ਅਤੇ ਜਸਕਰਨ ਸਿੰਘ ਨੇ 92.4 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ।
ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69 ਦੇ ਡਾਇਰੈਕਟਰ ਮੋਹਨਬੀਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਬਾਰ੍ਹਵੀਂ ਮੈਡੀਕਲ ਗਰੁੱਪ ਵਿੱਚ ਸਕੂਲ ਦੀ ਵਿਦਿਆਰਥਣ ਸਾਨਵੀ ਭਾਂਬਰੀ ਨੇ 91.2 ਫ਼ੀਸਦੀ ਅੰਕਾਂ ਨਾਲ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਸਾਨਵੀਂ ਨੇ ਕੈਮਿਸਟਰੀ ਵਿੱਚ 70 ਅੰਕਾਂ ’ਚੋਂ 69 ਅੰਕ ਹਾਸਲ ਕੀਤੇ। ਆਰਟਸ ਗਰੁੱਪ ਦੀ ਵਿਦਿਆਰਥਣ ਹਰਨੂਰ ਕੌਰ ਨੇ 91 ਫ਼ੀਸਦੀ, ਨਾਨ-ਮੈਡੀਕਲ ਦੇ ਯਸ਼ਵਰਧਨ ਸਿੰਘ ਨੇ ਪੇਂਟਿੰਗ ਵਿਸ਼ੇ ਵਿੱਚ 100 ਫ਼ੀਸਦੀ ਅਤੇ ਆਰਟਸ ਗਰੁੱਪ ਦੀ ਸਰਗੁਣ ਚੌਧਰੀ ਨੇ 90 ਫ਼ੀਸਦੀ ਅੰਕ ਹਾਸਲ ਕੀਤੇ ਹਨ।
ਸ਼ਿਵਾਲਿਕ ਪਬਲਿਕ ਸਕੂਲ ਦੇ ਵਿਦਿਆਰਥੀ ਜ਼ਿਲ੍ਹੇ ’ਚੋਂ ਅੱਵਲ
ਰੂਪਨਗਰ (ਜਗਮੋਹਨ ਸਿੰਘ): ਸੀਬੀਐੱਸਈ ਵੱਲੋਂ ਐਲਾਨੇ 12ਵੀਂ ਜਮਾਤ ਦੇ ਨਤੀਜਿਆਂ ਦੌਰਾਨ ਜ਼ਿਲ੍ਹੇ ਵਿੱਚੋਂ ਪਹਿਲੇ ਤਿੰਨ ਸਥਾਨ ਸ਼ਿਵਾਲਿਕ ਪਬਲਿਕ ਸਕੂਲ ਰੂਪਨਗਰ ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤੇ ਹਨ। ਸਕੂਲ ਪ੍ਰਿੰਸੀਪਲ ਬਲਜੀਤ ਸਿੰਘ ਅੱਤਰੀ ਨੇ ਦੱਸਿਆ ਕਿ ਨਾਨ-ਮੈਡੀਕਲ ਦੀ ਵਿਦਿਆਰਥਣ ਸੁਮੇਕਸ਼ਾ ਨੇ 98 ਫ਼ੀਸਦੀ, ਸ਼ਿਵੀਸ਼ ਵਿਜ ਨੇ 97.6 ਫ਼ੀਸਦੀ ਤੇ ਵਰਿੰਦਾ ਗੁਪਤਾ ਨੇ 96.8 ਫ਼ੀਸਦੀ ਅੰਕਾਂ ਨਾਲ ਜ਼ਿਲ੍ਹੇ ਵਿੱਚੋਂ ਪਹਿਲੇ ਤਿੰਨ ਹਾਸਲ ਕੀਤੇ ਹਨ। ਪ੍ਰਿੰਸੀਪਲ ਸ੍ਰੀ ਅੱਤਰੀ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ, ਮਾਪਿਆਂ ਅਤੇ ਸਕੂਲ ਸਟਾਫ਼ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ ਹੈ।