ਕਾਲਜਾਂ ’ਚ ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ ਵਿਦਿਆਰਥੀ ਆਹਮੋ-ਸਾਹਮਣੇ
ਯੂਟੀ ਦੇ ਸਰਕਾਰੀ ਤੇ ਪ੍ਰਾਈਵੇਟ ਕਾਲਜਾਂ ਵਿੱਚ ਅੱਜ ਨਾਮਜ਼ਦਗੀਆਂ ਤੈਅ ਹੋਣ ਨਾਲ ਚੋਣ ਮੈਦਾਨ ਪੂਰੀ ਤਰ੍ਹਾਂ ਨਾਲ ਮਘ ਗਿਆ ਹੈ। ਸ਼ਹਿਰ ਦੇ ਕਾਲਜਾਂ ਵਿੱਚ ਅੱਜ ਸਾਰੇ ਪਾਸੇ ਚੋਣਾਂ ਤੇ ਗੱਠਜੋੜ ਦੀ ਹੀ ਚਰਚਾ ਚੱਲੀ ਤੇ ਵਿਦਿਆਰਥੀ ਆਗੂਆਂ ਨੇ ਸਮੂਹਾਂ ਵਿਚ ਤੇ ਕਲਾਸਾਂ ਵਿਚ ਜਾ ਕੇ ਪ੍ਰਚਾਰ ਕੀਤਾ। ਇਸ ਦੌਰਾਨ ਪੁਲੀਸ ਦੇ ਜਵਾਨ ਕਾਲਜਾਂ ਦੇ ਬਾਹਰ ਵੱਡੀ ਗਿਣਤੀ ਵਿਚ ਤਾਇਨਾਤ ਰਹੇ। ਦੱਸਣਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਤੇ ਕਾਲਜਾਂ ਵਿਚ ਵੋਟਾਂ ਤਿੰਨ ਸਤੰਬਰ ਨੂੰ ਪੈਣਗੀਆਂ।
ਵਿਦਿਆਰਥੀਆਂ ਦੇ ਹੁੜਦੰਗ ਮਚਾਉਣ ਤੇ ਇਕੱਠ ਕਰਨ ਤੋਂ ਬਾਅਦ ਦੋ ਕਾਲਜਾਂ ਦੇ ਬਾਹਰ ਪੁਲੀਸ ਨੇ ਬੈਰੀਕੇਡਿੰਗ ਕਰ ਦਿੱਤੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਡੀਏਵੀ ਕਾਲਜ ਸੈਕਟਰ 10 ਵਿਚ ਵਿਦਿਆਰਥੀਆਂ ਨੇ ਚੋਣਾਂ ਦੇ ਮੱਦੇਨਜ਼ਰ ਵੱਡਾ ਇਕੱਠ ਕੀਤਾ ਸੀ ਜਿਸ ਕਾਰਨ ਪੁਲੀਸ ਵੱਲੋਂ ਇਨ੍ਹਾਂ ਕਾਲਜਾਂ ਨੂੰ ਜਾਣ ਵਾਲੀ ਮੁੱਖ ਸੜਕ ’ਤੇ ਇਕ ਪਾਸੇ ਬੈਰੀਕੇਡਿੰਗ ਕਰ ਕੇ ਵਾਹਨਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਪੁਲੀਸ ਨੇ ਇਕ ਏਐੱਸਆਈ ਪੱਧਰ ਦੇ ਅਧਿਕਾਰੀ ਨੂੰ ਵੀ ਹੋਰ ਪੁਲੀਸ ਮੁਲਾਜ਼ਮਾਂ ਨਾਲ ਤਾਇਨਾਤ ਕਰ ਦਿੱਤਾ ਹੈ। ਐੱਸਡੀ ਕਾਲਜ ਤੇ ਡੀਏਵੀ ਕਾਲਜ ਦੇ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਕਾਲਜ ਵਿੱਚ ਪਾਰਕਿੰਗ ਦੀ ਪਹਿਲਾਂ ਹੀ ਸਮੱਸਿਆ ਹੈ ਪਰ ਹੁਣ ਪੁਲੀਸ ਨੇ ਕਾਲਜ ਦੀ ਮੁੱਖ ਸੜਕ ’ਤੇ ਬੈਰੀਕੇਡਿੰਗ ਕਰ ਦਿੱਤੀ ਹੈ ਤੇ ਕਈ ਵਿਦਿਆਰਥੀਆਂ ਨੂੰ ਇਸ ਬੈਰੀਕੇਡਿੰਗ ਤੋਂ ਬਾਹਰ ਹੀ ਗੱਡੀਆਂ ਪਾਰਕ ਕਰਨ ਲਈ ਕਿਹਾ ਗਿਆ ਜਿਸ ਕਾਰਨ ਵਿਦਿਆਰਥੀਆਂ ਦਾ ਸਮਾਂ ਖਰਾਬ ਹੋ ਰਿਹਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਵਿੱਚ ਪ੍ਰਧਾਨਗੀ ਲਈ ਸੀਐੱਸਐੱਫ ਵੱਲੋਂ ਲਵਪ੍ਰੀਤ ਸਿੰਘ ਤੇ ਖਾਲਸਾ ਕਾਲਜ ਸਟੂਡੈਂਟਸ ਯੂਨੀਅਨ ਦੇ ਸਰਵਪ੍ਰੀਤ ਸਿੰਘ ਮੈਦਾਨ ਵਿੱਚ ਹਨ ਜਦਕਿ ਮੀਤ ਪ੍ਰਧਾਨਗੀ ਲਈ ਸੀਐਸਐਫ ਵਲੋਂ ਅਜੈ ਤੇ ਖਾਲਸਾ ਕਾਲਜ ਸਟੂਡੈਂਟਸ ਯੂਨੀਅਨ ਵਲੋਂ ਰੋਹਿਤ ਉਮੀਦਵਾਰ ਹੋਣਗੇ। ਜਨਰਲ ਸਕੱਤਰ ਲਈ ਸੀਐਸਐਫ ਤੇ ਰਾਹੁਲ ਚੰਦੇਲ ਤੇ ਖਾਲਸਾ ਕਾਲਜ ਸਟੂਡੈਂਟਸ ਯੂਨੀਅਨ ਦੇ ਜ਼ਾਹਿਦ ਅਹਿਮਦ ਦਰਮਿਆਨ ਮੁਕਾਬਲਾ ਹੋਵੇਗਾ।
ਐੱਸਡੀ ਕਾਲਜ ਸੈਕਟਰ 32 ’ਚ ਤਿਕੋਣਾ ਮੁਕਾਬਲਾ
ਐੱਸਡੀ ਕਾਲਜ ਵਿਚ ਪ੍ਰਧਾਨਗੀ ਲਈ ਤਿਕੋਣਾ ਮੁਕਾਬਲਾ ਹੈ। ਪ੍ਰਧਾਨਗੀ ਲਈ ਅਨਿਰੁਧ ਸਿੰਘ, ਭਾਵਿਆ ਬਾਗਾੜੀਆ ਤੇ ਰਿਜ਼ਵਲ ਸਿੰਘ ਦਰਮਿਆਨ ਮੁਕਾਬਲਾ ਹੈ। ਇਹ ਤਿੰਨੋਂ ਕ੍ਰਮਵਾਰ ਐੱਸਡੀਸੀਯੂ, ਸੋਈ ਤੇ ਆਈਐੱਸਐੱਫ ਨਾਲ ਸਬੰਧਤ ਹਨ। ਦੂਜੇ ਪਾਸੇ ਡੀਏਵੀ ਕਾਲਜ ਵਿਚ ਪ੍ਰਧਾਨਗੀ ਲਈ ਹਰਮਹਿਕ ਸਿੰਘ ਚੀਮਾ, ਜਸਪ੍ਰੀਤ ਕੌਰ ਤੇ ਖੁਸ਼ਿਵੰਦਰ ਸਿੰਘ ਕਾਕੂ ਦਰਮਿਆਨ ਮੁਕਾਬਲਾ ਹੋਵੇਗਾ।