ਦਾਖ਼ਲਾ ਨਾ ਮਿਲਣ ’ਤੇ ਵਿਦਿਆਰਥੀਆਂ ਤੇ ਮਾਪਿਆਂ ਵੱਲੋਂ ਹੰਗਾਮਾ
ਇੱਥੋਂ ਸੈਕਟਰ-19 ਸਥਿਤ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਬਾਹਰ ਵੱਡੀ ਗਿਣਤੀ ਵਿੱਚ ਮਾਪਿਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਦਾਖਲਾ ਨਾ ਮਿਲਣ ’ਤੇ ਸਿੱਖਿਆ ਅਧਿਕਾਰੀਆਂ ਤੋਂ ਜਵਾਬ ਮੰਗਿਆ। ਮਾਪਿਆਂ ਨੇ ਦੋਸ਼ ਲਾਏ ਕਿ ਗਲਤ ਦਾਖਲਾ ਪ੍ਰਕਿਰਿਆ ਕਾਰਨ ਉਨ੍ਹਾਂ ਦੇ ਬੱਚਿਆਂ ਨੂੰ ਦੂਜੀ ਕਾਊਂਸਿੰਗ ਵਿਚ ਦਾਖਲਾ ਨਹੀਂ ਮਿਲਿਆ। ਵਿਦਿਆਰਥੀਆਂ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਸਿੱਖਿਆ ਵਿਭਾਗ ਦੀ ਲਾਪ੍ਰਵਾਹੀ ਅਤੇ ਪੱਖਪਾਤੀ ਵਤੀਰੇ ਕਾਰਨ ਉਨ੍ਹਾਂ ਦੇ ਬੱਚਿਆਂ ਦੇ ਨਾਂ ਸਕੂਲਾਂ ਵਿਚੋਂ ਕੱਟ ਦਿੱਤੇ ਗਏ ਹਨ। ਡੀਈਓ ਦਫਤਰ ਵਿਚ ਮਾਪਿਆਂ ਨੇ ਦੱਸਿਆ ਕਿ ਜਿਹੜੇ ਬੱਚਿਆਂ ਦੇ 90 ਫੀਸਦੀ ਤੋਂ ਵੱਧ ਅੰਕ ਆਏ ਉਨ੍ਹਾਂ ਨੂੰ ਦਾਖਲਾ ਨਹੀਂ ਮਿਲਿਆ, ਜਦੋਂ ਕਿ 45 ਤੋਂ 50 ਫੀਸਦੀ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸੀਟਾਂ ਮਿਲ ਗਈਆਂ ਹਨ। ਇਕ ਹੋਰ ਨੇ ਕਿਹਾ ਕਿ ਉਸ ਦੇ ਪੁੱਤਰ ਨੇ 78 ਫੀਸਦੀ ਅੰਕ ਪ੍ਰਾਪਤ ਕੀਤੇ ਸਨ ਅਤੇ ਉਹ ਕਾਮਰਸ ਲੈਣਾ ਚਾਹੁੰਦਾ ਸੀ, ਪਰ ਉਸ ਨੂੰ ਆਰਟਸ ਵਿਚ ਦਾਖਲਾ ਦਿੱਤਾ ਗਿਆ। ਉਨ੍ਹਾਂ ਦਾ ਬੱਚਾ ਇਸ ਵੇਲੇ ਮਾਨਸਿਕ ਤਣਾਅ ਵਿਚੋਂ ਗੁਜ਼ਰ ਰਿਹਾ ਹੈ। ਇਸੇ ਤਰ੍ਹਾਂ ਤਾਮਿਲਨਾਡੂ ਦੇ ਵਸਨੀਕ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਸਕੂਲ ਵਿਚ ਦਾਖਲਾ ਮਿਲ ਗਿਆ ਸੀ ਤੇ ਇੱਕ ਹਫ਼ਤੇ ਲਈ ਕਲਾਸਾਂ ਵੀ ਲਗਾਈਆਂ ਪਰ ਅਚਾਨਕ ਉਸ ਦਾ ਨਾਮ ਸੂਚੀ ਵਿੱਚੋਂ ਹਟਾ ਦਿੱਤਾ ਗਿਆ।
ਡਿਪਟੀ ਡੀਈਓ ਨਿਰਮਲਾ ਸ਼ਰਮਾ ਨੇ ਕਿਹਾ ਕਿ ਦੂਜੀ ਕਾਉਂਸਲਿੰਗ ਸਿਰਫ ਉਨ੍ਹਾਂ ਵਿਦਿਆਰਥੀਆਂ ਲਈ ਹੈ ਜਿਨ੍ਹਾਂ ਨੂੰ ਪਹਿਲਾਂ ਦਾਖਲਾ ਨਹੀਂ ਮਿਲਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸੀਟਾਂ ਖਾਲੀ ਰਹਿੰਦੀਆਂ ਹਨ, ਤਾਂ ਮਾਈਗ੍ਰੇਸ਼ਨ ਰਾਹੀਂ ਰਾਖਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਤਰਜੀਹ ਦਿੱਤੀ ਜਾਵੇਗੀ। ਮਾਪਿਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਕੋਈ ਹੱਲ ਨਾ ਕੱਢਿਆ ਗਿਆ ਤਾਂ ਉਹ ਸੰਘਰਸ਼ ਤੇਜ਼ ਕਰਨਗੇ। ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਨੇ ਗਿਆਰ੍ਹਵੀਂ ਜਮਾਤ ’ਚ 85 ਫੀਸਦੀ ਸੀਟਾਂ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ’ਚੋਂ ਦਸਵੀਂ ਜਮਾਤ ਪਾਸ ਕਰਨ ਵਾਲਿਆਂ ਲਈ ਰਾਖਵੀਆਂ ਰੱਖੀਆਂ ਹੋਈਆਂ ਹਨ।