ਵਿਦਿਆਰਥੀ ਸੰਘਰਸ਼: ’ਵਰਸਿਟੀ ਪ੍ਰਸ਼ਾਸਨ ਨੇ ਸਖ਼ਤ ਰੁਖ਼ ਅਪਣਾਇਆ
ਵੀ ਸੀ ਨੇ ਭਲਕੇ ਸਾਰਾ ਦਿਨ ਕੰਮ-ਕਾਜ ਜਾਰੀ ਰੱਖਣ ਦੀ ਹਦਾਇਤ ਕੀਤੀ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸੈਨੇਟ ਚੋਣਾਂ ਦਾ ਸ਼ਡਿਊਲ ਜਾਰੀ ਕਰਵਾਉਣ ਦੀ ਮੰਗ ਲਈ ਵੀ ਸੀ ਦਫ਼ਤਰ ਅੱਗੇ ਚੱਲ ਰਹੇ ਧਰਨੇ ਵਿੱਚ ਵਿਦਿਆਰਥੀਆਂ ਨੇ 26 ਨਵੰਬਰ ਨੂੰ ਯੂਨੀਵਰਸਿਟੀ ਬੰਦ ਕਰਨ ਦਾ ਐਲਾਨ ਕੀਤਾ ਹੋਇਆ ਹੈ ਅਤੇ ਦੂਜੇ ਪਾਸੇ ਅੱਜ ਵਾਈਸ ਚਾਂਸਲਰ ਪ੍ਰੋ. ਰੇਨੂੰ ਵਿੱਗ ਨੇ ਐਲਾਨ ਕਰ ਦਿੱਤਾ ਹੈ ਕਿ 26 ਨਵੰਬਰ ਨੂੰ ਯੂਨੀਵਰਸਿਟੀ ਵਿੱਚ ਪੂਰਾ ਦਿਨ ਕੰਮ-ਕਾਜ ਜਾਰੀ ਰਹੇਗਾ ਤੇ ਅਧਿਆਪਕ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਪੋ-ਆਪਣੇ ਵਿਭਾਗਾਂ ਵਿੱਚ ਰਹਿਣਗੇ। ਵੀ ਸੀ ਨੇ ਇਹ ਐਲਾਨ ਅੱਜ ਯੂਨੀਵਰਸਿਟੀ ਦੇ ਟੀਚਿੰਗ ਵਿਭਾਗਾਂ ਦੇ ਸਾਰੇ ਚੇਅਰਪਰਸਨਾਂ ਨਾਲ ਕੀਤੀ ਮੀਟਿੰਗ ਵਿੱਚ ਕੀਤਾ ਜਿਸ ਵਿੱਚ ਆਉਣ ਵਾਲੇ ਅਕਾਦਮਿਕ ਸੈਸ਼ਨ ਦੀ ਤਿਆਰੀ ਅਤੇ ਦਾਖ਼ਲੇ ਲਈ ਰਣਨੀਤੀ ’ਤੇ ਚਰਚਾ ਕੀਤੀ ਗਈ।
ਮੀਟਿੰਗ ਦੌਰਾਨ ਕਈ ਚੇਅਰਪਰਸਨਾਂ ਵੱਲੋਂ ਕੀਤੇ ਸਵਾਲਾਂ ਦਾ ਜਵਾਬ ਦਿੰਦਿਆਂ ਵੀ ਸੀ ਪ੍ਰੋ. ਵਿੱਗ ਨੇ ਸਪੱਸ਼ਟ ਕੀਤਾ ਕਿ 26 ਨਵੰਬਰ ਨੂੰ ਯੂਨੀਵਰਸਿਟੀ ਵਿੱਚ ਕਾਰਜ ਦਿਵਸ ਹੀ ਰਹੇਗਾ ਅਤੇ ਸਾਰੇ ਅਧਿਆਪਕਾਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਵਿਭਾਗਾਂ ਵਿੱਚ ਹਾਜ਼ਰ ਰਹਿਣ ਲਈ ਕਿਹਾ ਗਿਆ ਹੈ। ਉਨ੍ਹਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਪ੍ਰੀਖਿਆਵਾਂ ਵਿੱਚ ਰੁਕਾਵਟ ਪਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਮਝਾਇਆ ਜਾਵੇ।
ਪ੍ਰੋ. ਵਿੱਗ ਨੇ ਨਵੇਂ ਸੈਸ਼ਨ ਲਈ ਅਕਾਦਮਿਕ ਤਿਆਰੀਆਂ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਵਿਭਾਗਾਂ ਨੂੰ ਕਿਹਾ ਕਿ ਦਾਖ਼ਲਾ ਪ੍ਰਚਾਰ ਨੂੰ ਹੋਰ ਤੇਜ਼ ਕੀਤਾ ਜਾਵੇ, ਕਿਉਂਕਿ ਦਾਖ਼ਲਿਆਂ ਲਈ ਆਖਰੀ ਤਾਰੀਖ 14 ਦਸੰਬਰ ਹੈ ਅਤੇ ਪੀ ਯੂ - ਸੀ ਈ ਟੀ (ਯੂ ਜੀ) ਇਮਤਿਹਾਨ 28 ਦਸੰਬਰ 2025 ਨੂੰ ਹੋਵੇਗਾ। ਇਸ ਮਕਸਦ ਲਈ ਇੱਕ ਕਮੇਟੀ ਬਣਾਉਣ ਦਾ ਐਲਾਨ ਵੀ ਕੀਤਾ ਗਿਆ ਜਿਸ ਵਿੱਚ ਸਬੰਧਤ ਵਿਭਾਗਾਂ ਦੇ ਚੇਅਰਪਰਸਨ ਅਤੇ ਡਾਇਰੈਕਟਰ, ਪਬਲਿਕ ਰਿਲੇਸ਼ਨਜ਼ ਸ਼ਾਮਲ ਹੋਣਗੇ।ਉਨ੍ਹਾਂ ਐੱਨ ਈ ਪੀ ਆਧਾਰਤ ਕੋਰਸਾਂ ਅਤੇ ਹੋਟਲ ਮੈਨੇਜਮੈਂਟ ਪ੍ਰੋਗਰਾਮਾਂ ਨੂੰ ਉਭਾਰਨ ਲਈ ਵੀ ਕਿਹਾ ਤੇ ਪ੍ਰਿੰਟ ਅਤੇ ਸੋਸ਼ਲ ਮੀਡੀਆ ਰਾਹੀਂ ਵਿਆਪਕ ਪ੍ਰਚਾਰ ਕਰਨ ਦੀ ਅਪੀਲ ਕੀਤੀ ਤਾਂ ਜੋ ਵਿਦਿਆਰਥੀਆਂ ਨੂੰ ਪਹਿਲਾਂ ਸ਼ੁਰੂ ਕੀਤੇ ਗਏ ਦਾਖ਼ਲਾ ਸ਼ਡਿਊਲ ਬਾਰੇ ਸਮੇਂ ਸਿਰ ਜਾਣਕਾਰੀ ਮਿਲ ਸਕੇ। ਮੀਟਿੰਗ ਵਿੱਚ ਡੀਨ ਯੂਨੀਵਰਸਿਟੀ ਇੰਸਟਰੱਕਸ਼ਨ ਪ੍ਰੋ. ਯੋਜਨਾ ਰਾਵਤ, ਰਜਿਸਟਰਾਰ ਪ੍ਰੋ. ਵਾਈ ਪੀ ਵਰਮਾ, ਡਾਇਰੈਕਟਰ ਰਿਸਰਚ ਅਤੇ ਡਿਵੈਲਪਮੈਂਟ ਪ੍ਰੋ. ਮੀਨਾਕਸ਼ੀ ਗੋਇਲ, ਕੰਟਰੋਲਰ ਆਫ਼ ਐਗਜ਼ਾਮੀਨੇਸ਼ਨਜ਼ ਪ੍ਰੋ. ਜਗਤ ਭੂਸ਼ਣ, ਐੱਫ ਡੀ ਓ ਡਾ. ਵਿਕਰਮ ਨਈਅਰ ਤੇ ਵਿਭਾਗਾਂ ਦੇ ਚੇਅਰਪਰਸਨ ਮੌਜੂਦ ਸਨ।
ਵੱਡੀ ਗਿਣਤੀ ਵਿਦਿਆਰਥੀਆਂ ਨੇ ਪ੍ਰੀਖਿਆ ਦੇਣ ਦੀ ਇੱਛਾ ਪ੍ਰਗਟਾਈ: ਵੀ ਸੀ
ਵੀ ਸੀ ਨੇ ਕਿਹਾ ਕਿ ਜਿੱਥੇ ਲੋਕਤੰਤਰ ਵਿੱਚ ਪ੍ਰਦਰਸ਼ਨ ਕਰਨ ਦਾ ਹੱਕ ਹੈ, ਉੱਥੇ ਹੀ ਉਨ੍ਹਾਂ ਵਿਦਿਆਰਥੀਆਂ ਦੇ ਹੱਕ ਦੀ ਵੀ ਰੱਖਿਆ ਕਰਨੀ ਜ਼ਰੂਰੀ ਹੈ ਜੋ ਇਮਤਿਹਾਨ ਦੇਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਵੱਡੀ ਗਿਣਤੀ ਨੇ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਦੀ ਇੱਛਾ ਪ੍ਰਗਟਾਈ ਹੈ ਅਤੇ ਬਹੁਤ ਸਾਰੇ ਵਿਦਿਆਰਥੀਆਂ ਨੇ ਕਿਹਾ ਹੈ ਕਿ ਇਮਤਿਹਾਨਾਂ ਨੂੰ ਰੋਕਣ ਲਈ ਕੋਈ ਗੰਭੀਰ ਕਾਰਨ ਵੀ ਨਹੀਂ ਹੈ।

