ਵਿਦਿਆਰਥੀ ਚੋਣਾਂ: ਯੂਟੀ ਦੇ ਕਾਲਜਾਂ ਵਿੱਚ ਪ੍ਰਚਾਰ ਮਘਿਆ
ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਤਿੰਨ ਸਤੰਬਰ ਨੂੰ ਹੋਣਗੀਆਂ ਜਿਸ ਲਈ ਸ਼ਹਿਰ ਦੇ ਲੜਕਿਆਂ ਦੇ ਚਾਰ ਕਾਲਜ ਚੋਣ ਰੰਗਾਂ ਵਿਚ ਰੰਗੇ ਗਏ ਹਨ। ਇਨ੍ਹਾਂ ਕਾਲਜਾਂ ਵਿਚ ਵਿਦਿਆਰਥੀਆਂ ਨੇ ਨਾਮਜ਼ਦਗੀਆਂ ਤੋਂ ਪਹਿਲਾਂ ਹੀ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਇਹ ਵਿਦਿਆਰਥੀ ਵੱਖ ਵੱਖ ਚੋਣ ਮੁੱਦਿਆਂ ’ਤੇ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰ ਰਹੇ ਹਨ। ਡੀਏਵੀ ਕਾਲਜ ਸੈਕਟਰ 10 ਵਿਚ ਵਿਦਿਆਰਥੀਆਂ ਦੀ ਚੋਣ ਤੋਂ ਪਹਿਲਾਂ ਐਨਐਸਯੂਆਈ ਦੇ ਪ੍ਰਧਾਨ ਉਮੀਦਵਾਰ ਪਵਿੱਤਰ ਗੋਇਤ ਦੇ ਸਮਰਥਨ ਵਿੱਚ ਇਕੱਠ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਨਾਅਰੇਬਾਜ਼ੀ ਕਰਦੇ ਹੋਏ ਆਪਣੇ ਉਮੀਦਵਾਰ ਨੂੰ ਜਿਤਾਉਣ ਦੇ ਦਾਅਵੇ ਕੀਤੇ।
ਜਾਣਕਾਰੀ ਅਨੁਸਾਰ ਸਰਕਾਰੀ ਕਾਲਜ ਸੈਕਟਰ 11, ਡੀਏਵੀ ਕਾਲਜ ਸੈਕਟਰ 10, ਐਸਡੀ ਕਾਲਜ ਸੈਕਟਰ 32 ਤੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਵਿੱਚ ਵਿਦਿਆਰਥੀ ਖੂਬ ਚੋਣ ਪ੍ਰਚਾਰ ਕਰ ਰਹੇ ਹਨ। ਪੰਜਾਬੀ ਟ੍ਰਿਬਿਊਨ ਵਲੋਂ ਇਨ੍ਹਾਂ ਕਾਲਜਾਂ ਦਾ ਦੌਰਾ ਕੀਤਾ ਗਿਆ ਤਾਂ ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ 11 ਵਿੱਚ ਵਿਦਿਆਰਥੀ ਆਗੂਆਂ ਨੇ ਕਾਲਜ ਵਿਚ ਬੰਦ ਹੋਏ ਕੋਰਸ ਮੁੜ ਸ਼ੁਰੂ ਕਰਵਾਉਣ ਦੇ ਨਾਂ ’ਤੇ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰ ਰਹੇ ਸਨ ਤੇ ਉਹ ਨਾਲ ਹੀ ਸਥਾਨਕ ਮੁੱਦੇ ਵੀ ਉਠਾ ਰਹੇ ਸਨ। ਇਸ ਤੋਂ ਇਲਾਵਾ ਐਸਡੀ ਕਾਲਜ ਸੈਕਟਰ 32 ਵਿਚ ਵਿਦਿਆਰਥੀਆਂ ਵਲੋਂ ਪਾਰਕਿੰਗ ਦੇ ਮੁੱਦੇ ’ਤੇ ਵਿਦਿਆਰਥੀਆਂ ਦਾ ਧਿਆਨ ਖਿੱਚਿਆ ਜਾ ਰਿਹਾ ਹੈ। ਇਸ ਕਾਲਜ ਵਿਚ ਪਾਰਕਿੰਗ ਦੀ ਵੱਡੀ ਸਮੱਸਿਆ ਹੈ ਜਿਸ ਕਾਰਨ ਕਈ ਵਾਰ ਵਿਦਿਆਰਥੀਆਂ ਦੇ ਕਾਲਜ ਦੇ ਬਾਹਰ ਖੜ੍ਹੇ ਵਾਹਨ ਪੁਲੀਸ ਵਾਲੇ ਚੁੱਕ ਕੇ ਵੀ ਲੈ ਜਾਂਦੇ ਹਨ। ਡੀਏਵੀ ਵਿਚ ਸੋਈ ਦੇ ਪ੍ਰਧਾਨਗੀ ਦੇ ਉਮੀਦਵਾਰ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਵਲੋਂ ਔਰਤ ਸ਼ਸ਼ਕਤੀਕਰਨ, ਲੜਕੀਆਂ ਦੀ ਸਿੱਖਿਆ, ਅਧਿਆਪਕ ਵਿਦਿਆਰਥੀ ਦਰ ਘੱਟ ਕਰਨ ਤੇ ਹੋਰ ਕਈ ਮੁੱਦਿਆਂ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਇਨ੍ਹਾਂ ਮੁੱਦਿਆਂ ਨੂੰ ਲਾਗੂ ਕਰਵਾਉਣ ਵਿਚ ਪੂਰੀ ਵਾਹ ਲਾਈ ਜਾਵੇਗੀ। ਡੀਏਵੀ ਕਾਲਜ ਸੈਕਟਰ-10 ਵਿਚ ਤੇ ਖਾਲਸਾ ਕਾਲਜ ਸੈਕਟਰ-26 ਵਿਚ ਵੀ ਵਿਦਿਆਰਥੀ ਆਗੂ ਆਪਣੀ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਵਿਚ ਮਸ਼ਰੂਫ ਰਹੇ।
ਚਾਰ ਕਾਲਜਾਂ ਵਿੱਚ ਪੁਲੀਸ ਦੇ ਪ੍ਰਬੰਧ ਕਰਨ ਬਾਰੇ ਲਿਖਿਆ
ਉਚ ਸਿੱਖਿਆ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥੀ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਨੇ ਐੱਸਡੀ ਕਾਲਜ, ਡੀਏਵੀ, ਖਾਲਸਾ ਕਾਲਜ ਤੇ ਜੀਸੀਐਮ ਸੈਕਟਰ-11 ਵਿਚ ਪੁਲੀਸ ਵਿਭਾਗ ਨੂੰ ਖਾਸ ਇੰਤਜ਼ਾਮ ਕਰਨ ਲਈ ਪੱਤਰ ਲਿਖਿਆ ਹੈ ਕਿਉਂਕਿ ਇਨ੍ਹਾਂ ਕਾਲਜਾਂ ਵਿਚ ਹੀ ਹੰਗਾਮੇ ਹੁੰਦੇ ਆ ਰਹੇ ਹਨ। ਡੀਏਵੀ ਕਾਲਜ ਦੇ ਪ੍ਰਸ਼ਾਸਨ ਨੇ ਪੁਲੀਸ ਤੋਂ ਇਲਾਵਾ ਆਪਣੇ ਪੱਧਰ ’ਤੇ ਵੀ ਨੌਜਵਾਨ ਲੈਕਚਰਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ। ਦੂਜੇ ਪਾਸੇ ਐਸ ਡੀ ਕਾਲਜ ਵਿਚ ਵੀ ਵਿਦਿਆਰਥੀਆਂ ਦੇ ਆਈਕਾਰਡ ਤੋਂ ਬਿਨਾਂ ਦਾਖਲਾ ਨਹੀਂ ਦਿੱਤਾ ਜਾ ਰਿਹਾ।