ਇੱਥੋਂ ਦੇ ਪਿੰਡ ਗੱਜੂ ਖੇੜਾ ਦੇ ਬਿਜਲੀ ਗਰਿੱਡ ਨੇੜੇ ਸੜਕ ਹਾਦਸਾ ਵਾਪਰਿਆ ਹੈ। ਟਿੱਪਰ ਦੀ ਲਪੇਟ ’ਚ ਆਉਣ ਕਾਰਨ ਗਿਆਰਵੀਂ ’ਚ ਪੜ੍ਹਦੀ ਹੋਣਹਾਰ ਵਿਦਿਆਰਥਣ ਦੀ ਮੌਤ ਹੋ ਗਈ ਹੈ। ਮ੍ਰਿਤਕ ਜਸਨੀਤ ਕੌਰ(17) ਪਿੰਡ ਨਰੈਣਾਂ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੀ ਵਸਨੀਕ ਸੀ। ਉਹ ਲੇਹਲਾਂ ਦੇ ਹੈਰੀਟੇਜ ਪਬਲਿਕ ਸਕੂਲ ’ਚ ਦੀ ਵਿਦਿਆਰਥਣ ਸੀ। ਹਾਦਸਾ ਉਦੋਂ ਵਾਪਰਿਆ ਜਦੋਂ ਜਸਨੀਤ ਛੁੱਟੀ ਉਪਰੰਤ ਆਪਣੇ ਘਰ ਵਾਪਿਸ ਪਰਤ ਰਹੀ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਲੜਕੀ ਦੀ ਲਾਸ਼ ਟਿੱਪਰ ਦੇ ਅਗਲੇ ਟਾਇਰਾਂ ਦੇ ਵਿਚਾਲੇ ਬੁਰੀ ਤਰਾਂ ਫ਼ਸ ਗਈ, ਜਿਸ ਨੂੰ ਮੌਕੇ ’ਤੇ ਪਹੁੰਚੀ ਬਨੂੜ ਪੁਲੀਸ ਨੇ ਲੋਕਾਂ ਦੀ ਮੱਦਦ ਨਾਲ ਕੱਢਿਆ। ਮਾਮਲੇ ਦੇ ਜਾਂਚ ਅਧਿਕਾਰੀ ਏਐੱਸਆਈ ਜਸਵਿੰਦਰ ਪਾਲ ਨੇ ਦੱਸਿਆ ਪੁਲੀਸ ਕੋਲ ਲਿਖਾਏ ਬਿਆਨਾਂ ਅਨੁਸਾਰ ਲੜਕੀ ਸਕੂਲ ਤੋਂ ਪੈਦਲ ਆਪਣੇ ਘਰ ਜਾ ਰਹੀ ਸੀ ਕਿ ਤੇਜ਼ ਰਫ਼ਤਾਰ ਟਿੱਪਰ ਨੇ ਉਸ ਨੂੰ ਬੁਰੀ ਤਰਾਂ ਫੇਟ ਮਾਰੀ ਅਤੇ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਨੇ ਮ੍ਰਿਤਕ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
‘ਸਕੂਲ ਵੱਲੋਂ ਸੋਗ ਵਿੱਚ ਛੁੱਟੀ ਦਾ ਐਲਾਨ’
ਹੈਰੀਟੇਜ ਸਕੂਲ ਦੀ ਡਾਇਰੈਕਟਰ ਅਮਰਜੀਤ ਕੌਰ ਬਾਸੀ ਨੇ ਸਕੂਲ ਦੀ ਵਿਦਿਆਰਥਣ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਜਸਨੀਤ ਕੌਰ ਉਨ੍ਹਾਂ ਦੇ ਸਕੂਲ ਦੀ ਬਹੁਤ ਹੀ ਹੋਣਹਾਰ ਵਿਦਿਆਰਥਣ ਸੀ। ਉਨ੍ਹਾਂ ਕਿਹਾ ਕਿ ਉਹ ਹਰ ਜਮਾਤ ਵਿੱਚ ਪਹਿਲੇ ਸਥਾਨ ’ਤੇ ਆਉਂਦੀ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਦਿਆਰਥਣ ਦੇ ਸੋਗ ਵਜੋਂ ਵੀਰਵਾਰ ਨੂੰ ਸਕੂਲ ਵਿੱਚ ਛੁੱਟੀ ਕੀਤੀ ਗਈ ਹੈ ਤੇ ਸਕੂਲ ਦਾ ਸਟਾਫ਼ ਤੇ ਵਿਦਿਆਰਥੀ ਲੜਕੀ ਦੇ ਸਸਕਾਰ ਵਿਚ ਸ਼ਾਮਲ ਹੋਣਗੇ।