ਚਾਂਦਹੇੜੀ ’ਚ ਅੰਤਿਮ ਸੰਸਕਾਰ ਲਈ ਕਰਨਾ ਪੈ ਰਿਹੈ ਸੰਘਰਸ਼
ਆਜ਼ਾਦੀ ਦੇ 78 ਸਾਲਾਂ ਬਾਅਦ ਵੀ ਦੇਸ਼ ਦੇ ਕਈ ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਅਜੇ ਵੀ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਨਗਰ ਕੌਂਸਲ ਲਾਲੜੂ ਅਧੀਨ ਆਉਂਦੇ ਵਾਰਡ ਤਿੰਨ, ਪਿੰਡ ਚਾਂਦਹੇੜੀ ਵਿੱਚ ਇੱਕ ਦਰਦਨਾਕ ਮਿਸਾਲ ਦੇਖਣ ਨੂੰ ਮਿਲੀ, ਜਿੱਥੇ ਭਾਗ ਸਿੰਘ ਦੀ ਪਤਨੀ ਨਾਇਬ ਕੌਰ ਦਾ ਬੀਤੀ ਰਾਤ ਦੇਹਾਂਤ ਹੋ ਗਿਆ ਸੀ।
ਪਰਿਵਾਰਿਕ ਮੈਂਬਰਾਂ ਨੂੰ ਅੰਤਿਮ ਸੰਸਕਾਰ ਕਰਨ ਲਈ ਭਾਰੀ ਸੰਘਰਸ਼ ਕਰਨਾ ਪਿਆ। ਮੀਂਹ ਕਾਰਨ ਪਰਿਵਾਰ ਨੂੰ ਖਸਤਾਹਾਲ ਟੀਨਾ ਫੜ ਕੇ ਤੇ ਗੋਡੇ-ਗੋਡੇ ਦੂਸ਼ਿਤ ਪਾਣੀ ਵਿੱਚੋਂ ਲੰਘ ਕੇ ਅੰਤਿਮ ਸੰਸਕਾਰ ਕਰਨਾ ਪਿਆ। ਇਸ ਘਟਨਾ ਨੇ ਨਗਰ ਕੌਂਸਲ ਲਾਲੜੂ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ, ਜੋ ਵਿਕਾਸ ਅਤੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਦੀ ਗੱਲ ਕਰਦੇ ਹਨ।
ਚਾਂਦਹੇੜੀ ਪਿੰਡ ’ਚ ਅਜੇ ਤੱਕ ਸ਼ਮਸ਼ਾਨਘਾਟ ਲਈ ਕੋਈ ਪੱਕੀ ਛੱਤ ਜਾਂ ਥਾਂ ਨਹੀਂ ਹੈ। ਪਰਿਵਾਰ ਨੇ ਪਿੰਡ ਦੇ ਕੁਝ ਲੋਕਾਂ ਦੀ ਮਦਦ ਨਾਲ ਅੰਤਿਮ ਸੰਸਕਾਰ ਦੀ ਰਸਮ ਪੂਰੀ ਕਰਨ ਦੀ ਕੋਸ਼ਿਸ਼ ਕੀਤੀ। ਕੁਝ ਲੋਕ ਮਰਹੂਮ ਦੇ ਸਰੀਰ ਨੂੰ ਚਿਖਾ ’ਤੇ ਰੱਖਣ ਤੋਂ ਬਾਅਦ ਆਪਣੇ ਸਿਰਾਂ ’ਤੇ ਟੁੱਟੀ ਹੋਈ ਟੀਨ ਫੜ ਕੇ ਖੜ੍ਹੇ ਸਨ ਤਾਂ ਜੋ ਮੀਂਹ ਚਿਖਾ ਦੀ ਅੱਗ ਨੂੰ ਬੁਝਾ ਨਾ ਦੇਵੇ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਛੇਤੀ ਤੋਂ ਛੇਤੀ ਸ਼ਮਸ਼ਾਨਘਾਟ ਨੂੰ ਪੱਕਾ ਬਣਾਇਆ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ।
ਕਾਰਵਾਈ ਦਾ ਭਰੋਸਾ ਦਿੱਤਾ
ਵਾਰਡ ਦੇ ਕੌਂਸਲਰ ਰਵਿੰਦਰ ਕੌਰ ਤੇ ਉਸ ਦੇ ਸਹੁਰੇ ਸਾਬਕਾ ਸਰਪੰਚ ਹਰੀ ਚੰਦ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਸ਼ਮਸ਼ਾਨ ਘਾਟ ਦੀਆਂ ਚਾਦਰਾਂ ਟੁੱਟ ਕੇ ਹਵਾ ਵਿੱਚ ਉੱਡ ਗਈਆਂ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਪਰ ਵਾਰ-ਵਾਰ ਕਹਿਣ ’ਤੇ ਵੀ ਕੋਈ ਕਾਰਵਾਈ ਨਹੀਂ ਹੋਈ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਮਨੀਸ਼ ਕੁਮਾਰ ਨੇ ਕਿਹਾ ਕਿ ਉਹ ਨਵੇਂ ਆਏ ਹਨ, ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ, ਛੇਤੀ ਹੀ ਸਫਾਈ ਅਤੇ ਚਾਦਰਾਂ ਦਾ ਕੰਮ ਕਰਵਾ ਦਿੱਤਾ ਜਾਵੇਗਾ।