ਪੀਆਰਟੀਸੀ ਤੇ ਪਨਬੱਸ ਮੁਲਾਜ਼ਮਾਂ ਦੀ ਹੜਤਾਲ ਮੁਲਤਵੀ
ਸਰਕਾਰ ਦੇ ਕਿਲੋਮੀਟਰ ਸਕੀਮ ਸਬੰਧੀ ਟੈਂਡਰ ਖੋਲ੍ਹਣ ਦਾ ਪ੍ਰੋਗਰਾਮ ਅੱਗੇ ਪਾੳੁਣ ਤੋਂ ਬਾਅਦ ਮੁਲਾਜ਼ਮ ਯੂਨੀਅਨ ਨੇ ਕੀਤਾ ਫੈਸਲਾ; ਹਡ਼ਤਾਲ ਕਾਰਨ ਯਾਤਰੀ ਹੋਏ ਪ੍ਰੇਸ਼ਾਨ
ਸਰਕਾਰ ਵੱਲੋਂ ਕਿਲੋਮੀਟਰ ਸਕੀਮ ਸਬੰਧੀ ਟੈਂਡਰ ਖੋਲਣ ਦਾ ਪ੍ਰੋਗਰਾਮ ਮੁਲਤਵੀ ਕਰਨ ’ਤੇ ਪੀਆਰਟੀਸੀ ਅਤੇ ਪਨਬਸ ਵਰਕਰ ਯੂਨੀਅਨ ਨੇ ਅਣਮਿਥੇ ਸਮੇਂ ਦੀ ਹੜਤਾਲ ਵੀ ਟਾਲ ਦਿੱਤੀ ਹੈ। ਉਂਝ ਟੈਂਡਰ ਖੋਲ੍ਹਣ ਦੇ ਪ੍ਰੋਗਰਾਮ ਨੂੰ ਮੁਖ ਰੱਖਦਿਆਂ ਪੀਆਰਟੀਸੀ ਅਤੇ ਪਨਬਸ ਵਰਕਰ ਯੂਨੀਅਨ ਨੇ ਅੱਜ 12 ਤੋਂ 5 ਵਜੇ ਤੱਕ ਹੜਤਾਲ ਰੱਖੀ। ਇਸ ਦੌਰਾਨ ਪੰਜਾਬ ਭਰ ਦੇ ਵੱਡੇ ਬੱਸ ਅੱਡਿਆਂ ਦੀ ਤਾਲਾਬੰਦੀ ਕਰਕੇ ਵਰਕਰਾਂ ਨੇ ਗੇਟ ਰੈਲੀਆਂ ਕੀਤੀਆਂ ਜਿਸ ਦੌਰਾਨ ਬੱਸਾਂ ਦਾ ਚੱਕਾ ਜਾਮ ਰਿਹਾ ਤੇ ਇਸ ਕਰਕੇ ਬੱਸ ਮੁਸਾਫਰਾਂ ਨੂੰ ਤਾਂ ਖਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਥਾਂ ਥਾਂ 'ਤੇ ਟਰੈਫਿਕ ਜਾਮ ਹੋਣ ਕਾਰਨ ਰਾਹਗੀਰਾਂ ਨੂੰ ਵੀ ਵੱਡੀਆਂ ਦਿੱਕਤਾਂ ਆਈਆਂ। ਯੂਨੀਅਨ ਦੇ ਸੂਬਾਈ ਬੁਲਾਰੇ ਹਰਕੇਸ਼ ਵਿੱਕੀ ਪਟਿਆਲਾ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਟੈਂਡਰ ਖੋਲ੍ਹਣ ਦਾ ਪ੍ਰੋਗਰਾਮ ਹੁਣ 2 ਦਸੰਬਰ 'ਤੇ ਪਾ ਦਿੱਤਾ ਗਿਆ ਹੈ ਜਿਸ ਕਰਕੇ 5 ਵਜੇ ਤੋਂ ਬਾਅਦ ਉਨ੍ਹਾਂ ਨੇ ਹੜਤਾਲ ਵਾਪਸ ਲੈ ਲਈ। ਇਸੇ ਕਰਕੇ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਦੀ ਪਟਿਆਲਾ ਸਥਿਤ ਕੋਠੀ ਦਾ ਅਣਮਿਥੇ ਸਮੇਂ ਲਈ ਘਿਰਾਓ ਕਰਨ ਦਾ ਪ੍ਰੋਗਰਾਮ ਵੀ ਮੁਲਤਵੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਦੋ ਦਸੰਬਰ ਨੂੰ ਸਰਕਾਰ ਵੱਲੋਂ ਟੈਂਡਰ ਖੋਲ੍ਹੇ ਜਾਂਦੇ ਹਨ, ਤਾਂ ਪੰਜਾਬ ਭਰ ਵਿੱਚ ਚੱਕਾ ਜਾਮ ਕਰਕੇ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ ਜਾਵੇਗੀ।

