ਆਤਿਸ਼ ਗੁਪਤਾ
ਚੰਡੀਗੜ੍ਹ, 6 ਜੁਲਾਈ
ਇਥੇ ਸ਼ਹਿਰ ’ਚ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ 125ਵੇਂ ਜੈਯੰਤੀ ’ਤੇ ਚੰਡੀਗੜ੍ਹ ਵਿੱਚ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ੍ਰੀ ਕਟਾਰੀਆ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੀ ਦੇਸ਼ ਦੀ ਸੋਚ ਨੂੰ ਯਾਦ ਕੀਤਾ। ਸ੍ਰੀ ਕਟਾਰੀਆ ਨੇ ਕਿਹਾ ਕਿ ਡਾ. ਮੁਖਰਜੀ ਦੇ ‘ਇਕ ਦੇਸ਼, ਇਕ ਸੰਵਿਧਾਨ ਤੇ ਇਕ ਨਿਸ਼ਾਨ’ ਦੇ ਸੁਪਨੇ ਨੂੰ ਮੌਜੂਦਾ ਸਰਕਾਰ ਨੇ ਪੂਰਾ ਕੀਤਾ ਹੈ। ਜਿਨ੍ਹਾਂ ਨੇ ਜੰਮੂ-ਕਸ਼ਮੀਰ ਵਿੱਚੋਂ 5 ਅਗਸਤ 2019 ਨੂੰ ਧਾਰਾ 370 ਨੂੰ ਖਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਡਾ. ਮੁਖਰਜੀ ਇਕ ਦੁਰ ਅੰਦੇਸ਼ੀ ਸੋਚ ਵਾਲੇ ਆਗੂ ਸਨ, ਜਿਨ੍ਹਾਂ ਨੇ 33 ਸਾਲ ਦੀ ਉਮਰ ਵਿੱਚ ਕਲਕੱਤਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਅਹੁਦਾ ਸਾਂਭਿਆ। ਇਸ ਤੋਂ ਦੇਸ਼ ਦੇ ਨੌਜਵਾਨਾਂ ਨੂੂੰ ਸਿੱਖਣਾ ਚਾਹੀਦਾ ਹੈ।
ਸ੍ਰੀ ਕਟਾਰੀਆ ਨੇ ਕਿਹਾ ਕਿ ਡਾ. ਮੁਖਰਜੀ ਨੇ ਸਾਲ 1948 ਵਿੱਚ ਪਹਿਲੇ ਉਦਯੋਗ ਮੰਤਰੀ ਵਜੋਂ ਉਦਯੋਗਿਕ ਵਿਕਾਸ ਦੀ ਨੀਂਹ ਰੱਖੀ ਹੈ। ਉਹ ਨੀਤੀ ਹੀ ਅੱਜ ਦੇਸ਼ ਨੂੰ ਆਤਮ ਨਿਰਭਰ ਭਾਰਤ ਬਣਾਉਣ ਦੀ ਦਿਸ਼ਾਂ ਵਿੱਚ ਅੱਗੇ ਲੈ ਕੇ ਜਾ ਰਹੀ ਹੈ। ਇਸ ਮੌਕੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਜੀਵਨ ’ਤੇ ਬਣਾਈ ਗਈ ਦਸਤਾਵੇਜ਼ੀ ਫ਼ਿਲਮ ਵੀ ਦਿਖਾਈ ਗਈ। ਇਸ ਤੋਂ ਇਲਾਵਾ ਸੱਭਿਆਚਾਰਕ ਸਮਾਗਮ ਕੀਤਾ ਗਿਆ। ਇਸ ਮੌਕੇ ਚੰਡੀਗੜ੍ਹ ਦੀ ਮੇਅਰ ਹਰਪ੍ਰੀਤ ਕੌਰ ਬਬਲਾ, ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਕੇਂਦਰ ਸਰਕਾਰ ਦੇ ਵਧੀਕ ਸਾਲੀਸਟਰ ਜਨਰਲ ਸਤਿਆਪਾਲ ਜੈਨ ਅਤੇ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਦੇ ਰਾਜਸੀ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ।
ਭਾਜਪਾ ਨੇ ਬੂਟੇ ਲਾਏ ਤੇ ਸਫ਼ਾਈ ਮੁਹਿੰਮ ਚਲਾਈ
ਚੰਡੀਗੜ੍ਹ ਭਾਜਪਾ ਨੇ ਅੱਜ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਯੰਤੀ ਦੇ ਮੌਕੇ ਸ਼ਹਿਰ ਵਿੱਚ ਬੂਟੇ ਲਾਉਣ ਅਤੇ ਸਫਾਈ ਮੁਹਿੰਮ ਚਲਾਈ ਗਈ। ਇਸ ਮੌਕੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ, ਜਨਰਲ ਸਕੱਤਰ ਰਾਮਵੀਰ ਭੱਟੀ ਤੇ ਸੰਜੀਵ ਰਾਣਾ ਨੇ ਦੀਨ ਦਿਆਨ ਉਪਾਧਿਆ ਜ਼ਿਲ੍ਹੇ ਵਿੱਚ ਬੂਟੇ ਲਗਾਏ। ਇਸ ਤੋਂ ਬਾਅਦ ਮੰਡਲ ਨੰਬਰ-21 ਵਿੱਚ ਬੂਟੇ ਲਾਉਣ ਦੇ ਨਾਲ-ਨਾਲ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਜੀਵਨ ਬਾਰੇ ਚਾਨਣਾ ਪਾਇਆ। ਇਸ ਦੇ ਨਾਲ ਹੀ ਸ੍ਰੀ ਮਲਹੋਤਰਾ ਨੇ ਸਾਰਿਆ ਨੂੰ ਡਾ. ਮੁਖਰਜੀ ਦੇ ਦਿਖਾਏ ਰਾਹ ’ਤੇ ਚਲਦੇ ਹੋਏ ਦੇਸ਼ ਵਿੱਚ ਕੰਮ ਕਰਨ ਲਈ ਪ੍ਰੇਰਿਤ ਕੀਤਾ।