DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਟਾਫ ਐਸੋਸੀਏਸ਼ਨ ਵੱਲੋਂ ਭੁੱਖ ਹੜਤਾਲ ਖ਼ਤਮ

ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਮੁਲਤਵੀ ਹੋਣ ਉਪਰੰਤ ਲਿਆ ਫ਼ੈਸਲਾ
  • fb
  • twitter
  • whatsapp
  • whatsapp
Advertisement
ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ (ਪੀਐੱਸਆਈਈਸੀ) ਦੇ ਕਰੀਬ 500 ਕਰੋੜ ਰੁਪਇਆਂ ਦੇ ਫੰਡ ਸੂਬਾ ਸਰਕਾਰ ਦੇ ਖਜ਼ਾਨੇ ਵਿੱਚ ਟਰਾਂਸਫ਼ਰ ਕੀਤੇ ਜਾਣ ਦੇ ਖਦਸ਼ੇ ਕਾਰਨ ਸਟਾਫ ਐਸੋਸੀਏਸ਼ਨ ਵੱਲੋਂ ਉਦਯੋਗ ਭਵਨ ਸੈਕਟਰ-17 ਵਿੱਚ ਸ਼ੁਰੂ ਕੀਤੀ ਭੁੱਖ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ। ਅੱਜ ਮੰਡੀ ਗੋਬਿੰਦਗੜ੍ਹ ਤੋਂ ਰਵਿੰਦਰ ਸਿੰਘ ਦੀ ਅਗਵਾਈ ਵਿੱਚ ਮੁਕੇਸ਼ ਕੁਮਾਰ, ਸ਼ਾਮ ਲਾਲ, ਸੁਖਵਿੰਦਰ ਸਿੰਘ ਅਤੇ ਸੰਦੀਪ ਮਲਿਕ ਭੁੱਖ ਹੜਤਾਲ ’ਤੇ ਬੈਠੇ।

ਐਸੋਸੀਏਸ਼ਨ ਦੇ ਅਹੁਦੇਦਾਰਾਂ ਮੁਤਾਬਕ ਇਹ ਫੰਡ ਟਰਾਂਸਫਰ ਕਰਨ ਸਬੰਧੀ ਮਤਾ ਪਾਸ ਕਰਨ ਲਈ ਅੱਜ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਕੀਤੀ ਜਾਣੀ ਸੀ। ਸਵੇਰ ਤੋਂ ਹੀ ਕਰਮਚਾਰੀ ਆਪਣੇ ਕੰਮ ਦਾ ਬਾਈਕਾਟ ਕਰ ਕੇ ਧਰਨੇ-ਪ੍ਰਦਰਸ਼ਨ ’ਤੇ ਬੈਠ ਗਏ ਅਤੇ ਸਾਰਾ ਦਿਨ ਨਾਅਰੇਬਾਜ਼ੀ ਕੀਤੀ। ਜਥੇਬੰਦੀ ਦੇ ਸੰਘਰਸ਼ ਦੇ ਅੱਗੇ ਝੁਕਦੇ ਹੋਏ ਮੈਨੇਜਮੈਂਟ ਨੇ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਫ਼ਿਲਹਾਲ ਮੁਲਤਵੀ ਕਰ ਦਿੱਤੀ ਜਿਸ ਉਪਰੰਤ ਮੁਲਾਜ਼ਮਾਂ ਵੱਲੋਂ ਭੁੱੱਖ ਹੜਤਾਲ ਵੀ ਖ਼ਤਮ ਕਰ ਦਿੱਤੀ ਗਈ।

Advertisement

ਮੁਲਾਜ਼ਮ ਆਗੂਆਂ ਨੇ ਸਰਕਾਰ ਦੇ ਫ਼ੈਸਲੇ ’ਤੇ ਸਵਾਲ ਚੁੱਕਿਆ ਕਿ ਜੇ ਪੰਜ ਸੋ ਕਰੋੜ ਰੁਪਏ ਸਰਕਾਰ ਨੂੰ ਦੇ ਦਿੱਤੇ ਗਏ ਤਾਂ ਨਿਗਮ ਦੇ ਕਰਮਚਾਰੀਆਂ ਨੂੰ ਤਨਖ਼ਾਹ ਨਹੀਂ ਮਿਲ ਸਕੇਗੀ ਕਿਉਂਕਿ ਨਿਗਮ ਦੀ ਆਮਦਨ ਪਹਿਲਾਂ ਹੀ ਕਾਫ਼ੀ ਘੱਟ ਹੈ ਅਤੇ ਉਹ ਆਮਦਨ ਵੀ ਸਰਕਾਰ ਲੈਣ ਲਈ ਪੱਬਾਂ ਭਾਰ ਹੋਈ ਬੈਠੀ ਹੈ। ਸਰਕਾਰ ਨੇ ਨਿਗਮ ਦੇ ਮੁੱਖ ਸਾਧਨਾਂ ਤੋਂ ਆਉਣ ਵਾਲੀ ਆਮਦਨ ’ਤੇ ਕਬਜ਼ਾ ਕਰ ਲਿਆ ਹੈ ਅਤੇ ਇਸ ਨੂੰ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਦਾ ਨਾਦਰਸ਼ਾਹੀ ਹੁਕਮ ਸਰਕਾਰ ਵੱਲੋਂ ਪਹਿਲਾਂ ਹੀ ਜਾਰੀ ਕੀਤਾ ਗਿਆ ਹੈ।

ਜਥੇਬੰਦੀ ਦੇ ਸਰਪ੍ਰਸਤ ਕਾਮਰੇਡ ਗੁਰਦੀਪ ਸਿੰਘ ਨੇ ਕਿਹਾ ਕਿ ਨਿਗਮ ਇਕ ਖ਼ੁਦਮੁਖ਼ਤਿਆਰ ਅਦਾਰਾ ਹੈ ਅਤੇ ਸਰਕਾਰ ਤੋਂ ਕਿਸੇ ਕਿਸਮ ਦੀ ਸਹਾਇਤਾ ਨਹੀਂ ਲੈਂਦਾ। ਇਸ ਨਾਲ 700 ਮੁਲਾਜ਼ਮਾਂ ਦਾ ਭਵਿੱਖ ਖ਼ਤਰੇ ਵਿੱਚ ਪੈ ਜਾਵੇਗਾ।

ਉਨ੍ਹਾਂ ਦੱਸਿਆ ਕਿ ਸਰਕਾਰ ਕੰਪਨੀ ਐਕਟ ਅਧੀਨ ਕੰਮ ਕਰ ਰਹੇ ਨਿਗਮ ਵਿਚੋਂ ਇਸ ਤਰ੍ਹਾਂ ਪੈਸਾ ਨਹੀਂ ਕੱਢ ਸਕਦੀ। ਜਥੇਬੰਦੀ ਵੱਲੋਂ ਨਿਗਮ ਦੇ ਬੋਰਡ ਆਫ਼ ਡਾਇਰੈਕਟਰਜ਼ ਨੂੰ ਕਾਨੂੰਨੀ ਨੋਟਿਸ ਵੀ ਭੇਜ ਦਿੱਤਾ ਗਿਆ ਹੈ।

Advertisement
×