ਪੰਜਾਬ ਦੇ ਖ਼ਰਾਬ ਪ੍ਰਦਰਸ਼ਨ ਕਾਰਨ ਮੈਚ ਸਮਾਪਤੀ ਤੋਂ ਪਹਿਲਾਂ ਸਟੇਡੀਅਮ ਖ਼ਾਲੀ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 29 ਮਈ
ਮੁੱਲਾਂਪੁਰ ਦੇ ਨਿਊ ਪੀਸੀਏ ਸਟੇਡੀਅਮ ਵਿਖੇ ਅੱਜ ਖੇਡੇ ਗਏ ਪੰਜਾਬ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੂਰੂ ਦੀਆਂ ਟੀਮਾਂ ਦਰਮਿਆਨ ਆਈਪੀਐਲ ਦੇ ਖੇਡੇ ਗਏ ਪਹਿਲੇ ਕੁਆਲੀਫ਼ਾਇਰ ਮੁਕਾਬਲੇ ਵਿਚ ਗਰਮੀ ਅਤੇ ਹੁੰਮਸ ਦੇ ਬਾਵਜੂਦ ਸਮੁੱਚਾ ਖੇਤਰ ਕ੍ਰਿਕਟ ਦੇ ਰੰਗ ਵਿਚ ਰੰਗਿਆ ਗਿਆ। ਦੋਵੇਂ ਟੀਮਾਂ ਦਰਮਿਆਨ ਮੈਚ ਵੇਖਣ ਲਈ ਹਜ਼ਾਰਾਂ ਦਰਸ਼ਕ ਮੈਚ ਆਰੰਭ ਹੋਣ ਤੋਂ ਚਾਰ ਘੰਟੇ ਪਹਿਲਾਂ ਸਾਢੇ ਤਿੰਨ ਵਜੇ ਹੀ ਸਟੇਡੀਅਮ ਵਿਚ ਪਹੁੰਚਣੇ ਸ਼ੁਰੂ ਹੋ ਗਏ ਸਨ ਪਰ ਪੰਜਾਬ ਦੇ ਖਰਾਬ ਪ੍ਰਦਰਸ਼ਨ ਕਾਰਨ ਮੈਚ ਖ਼ਤਮ ਹੋਣ ਤੋਂ ਪਹਿਲਾਂ ਹੀ ਸਟੇਡੀਅਮ ਵਿੱਚੋਂ ਜਾਣੇ ਸ਼ੁਰੂ ਹੋ ਗਏ ਸਨ। ਸਟੇਡੀਅਮ ਵਿਚ ਜ਼ਿਆਦਾ ਗਿਣਤੀ ਪੰਜਾਬ ਦੀ ਟੀਮ ਦੇ ਸਮਰਥਕਾਂ ਦੀ ਸੀ। ਪੰਜਾਬ ਦੀ ਟੀਮ ਨੇ ਦਰਸ਼ਕਾਂ ਨੂੰ ਨਿਰਾਸ਼ ਕੀਤਾ। ਪੰਜਾਬ ਦੀ ਟੀਮ ਦੀ ਸਹਿ-ਮਾਲਕ ਪ੍ਰੀਤੀ ਜ਼ਿੰਟਾ ਦਾ ਆਪਣੀ ਟੀਮ ਦੇ ਖਰਾਬ ਪ੍ਰਦਰਸ਼ਨ ਕਾਰਨ ਚਿਹਰਾ ਉਤਰਿਆ ਹੋਇਆ ਨਜ਼ਰ ਆਇਆ, ਜਦੋਂ ਕਿ ਵਿਰਾਟ ਕੋਹਲੀ ਦੀ ਪਤਨੀ ਆਪਣੀ ਟੀਮ ਦੇ ਪ੍ਰਦਰਸ਼ਨ ਉੱਤੇ ਕਾਫ਼ੀ ਖੁਸ਼ ਦਿਖਾਈ ਦੇ ਰਹੀ ਸੀ ਹਾਲਾਂ ਕਿ ਬੱਲੇਬਾਜ਼ੀ ਦੌਰਾਨ ਵਿਰਾਟ ਕੋਹਲੀ ਵੀ ਕੁੱਝ ਖਾਸ ਨਹੀਂ ਕਰ ਸਕੇ।
ਸਟੇਡੀਅਮ ਵਿਚ ਕਿਸੇ ਨਾ ਕਿਸੇ ਢੰਗ ਨਾਲ ਅੰਦਰ ਆਉਣ ਵਿਚ ਸਫ਼ਲ ਹੋਏ ਬੇਟਿਕਟੇ ਵੀ ਮੌਜੂਦ ਸਨ। ਦਰਸ਼ਕਾਂ ਨੂੰ ਲੀਗ ਮੈਚਾਂ ਦੇ ਮੁਕਾਬਲੇ ਕੁਆਲੀਫ਼ਾਇਰ ਮੈਚਾਂ ਦੀਆਂ ਟਿਕਟਾਂ ਲਈ ਆਪਣੀ ਜੇਬ ਜ਼ਿਆਦਾ ਢਿੱਲੀ ਕਰਨੀ ਪਈ। ਮੈਚ ਲਈ ਘੱਟੋ-ਘੱਟ ਟਿਕਟ 2200 ਰੁਪਏ ਤੋਂ ਆਰੰਭ ਹੁੰਦੀ ਸੀ। ਸਕੂਲੀ ਵਿਦਿਆਰਥੀਆਂ ਨੂੰ ਵੀ ਮੁਫ਼ਤ ਵਿਚ ਮੈਚ ਵਿਖਾਇਆ ਗਿਆ। ਸਟੇਡੀਅਮ ਦੇ ਅੱਗੇ ਵਾਹਨਾਂ ਦਾ ਕਾਫ਼ੀ ਭੀੜ-ਭੜੱਕਾ ਰਹਿਣ ਕਾਰਨ ਆਵਾਜਾਈ ਨੂੰ ਦਿੱਕਤਾਂ ਆਈਆਂ। ਪੁਲੀਸ ਵੱਲੋਂ ਇਸ ਵਾਰ ਟੈਂਟ ਲਗਾ ਕੇ ਲੋਕਾਂ ਦੀ ਪੁੱਛ-ਗਿੱਛ ਅਤੇ ਸਹਾਇਤਾ ਲਈ ਕਾਊਂਟਰ ਖੋਲ੍ਹਿਆ ਹੋਇਆ ਸੀ।