ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਨੂੰ ਨੈਸ਼ਨਲ ਗਰੀਨ ਕੋਰ ਐਵਾਰਡ
ਚੰਡੀਗੜ੍ਹ: ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ 26 ਨੂੰ ਵਿਦਿਆਰਥੀਆਂ ਵਿੱਚ ਵਾਤਾਵਰਨ ਸਥਿਰਤਾ ਅਤੇ ਵਾਤਾਵਰਨ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਵਜੋਂ ਤੀਜੀ ਵਾਰ ਨੈਸ਼ਨਲ ਗਰੀਨ ਕੋਰ ਬੈਸਟ ਐਨਵਾਇਰਮੈਂਟ ਸੁਸਾਇਟੀ ਐਵਾਰਡ 2024 ਨਾਲ ਸਨਮਾਨਿਤ ਕੀਤਾ ਗਿਆ। ਕਾਲਜ ਦੇ ਈਕੋ ਕਲੱਬ ਦੇ ਇੰਚਾਰਜ ਨੂੰ ਕੈਂਪਸ ਵਿੱਚ ਵਾਤਾਵਰਨ ਪਹਿਲਕਦਮੀਆਂ ਪ੍ਰਤੀ ਸਮਰਪਣ ਭਾਵਨਾ ਨਾਲ ਕੰਮ ਕਰਨ ਦੇ ਇਵਜ਼ ਵਿਚ ਬੈਸਟ ਈਕੋ ਕਲੱਬ (ਧਰਤ ਸੁਹਾਵੀ ਐਨਵਾਇਰਮੈਂਟ ਸੁਸਾਇਟੀ) ਇੰਚਾਰਜ ਐਵਾਰਡ 2024 ਨਾਲ ਵੀ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਚੰਡੀਗੜ੍ਹ ਪ੍ਰਸ਼ਾਸਨ ਦੇ ਵਾਤਾਵਰਨ ਵਿਭਾਗ ਵਲੋਂ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਅਤੇ ਡਾ. ਸੁਗੰਦਾ ਕੋਹਲੀ ਕਾਂਗ ਈਕੋ ਕਲੱਬ ਦੇ ਇੰਚਾਰਜ ਨੂੰ ਦਿੱਤਾ ਗਿਆ। -ਟਨਸ
ਵਪਾਰੀਆਂ ਵੱਲੋਂ ਆਬਕਾਰੀ ਸਕੱਤਰ ਨਾਲ ਮੁਲਾਕਾਤ
ਚੰਡੀਗੜ੍ਹ: ਸ਼ਹਿਰ ਦੀ ਵਪਾਰੀ ਸੰਸਥਾ ਚੰਡੀਗੜ੍ਹ ਵਪਾਰ ਮੰਡਲ ਦੇ ਇੱਕ ਵਫ਼ਦ ਵੱਲੋਂ ਅੱਜ ਆਬਕਾਰੀ ਅਤੇ ਕਰ ਵਿਭਾਗ, ਚੰਡੀਗੜ੍ਹ ਯੂਟੀ ਦੇ ਸਕੱਤਰ ਮੁਹੰਮਦ ਮਨਸੂਰ ਆਈਏਐੱਸ ਨਾਲ ਉਨ੍ਹਾਂ ਦੇ ਅਹੁਦਾ ਸੰਭਾਲਣ ਤੋਂ ਬਾਅਦ ਮੁਲਾਕਾਤ ਕੀਤੀ ਗਈ। ਮੰਡਲ ਪ੍ਰਧਾਨ ਸੰਜੀਵ ਚੱਢਾ, ਚੇਅਰਮੈਨ ਚਰਨਜੀਵ ਸਿੰਘ, ਮੁੱਖ ਸਲਾਹਕਾਰ ਕਿਰਨ ਨਾਰਦ, ਉਪ-ਪ੍ਰਧਾਨ ਮੋਹਿਤ ਸੂਦ ਅਤੇ ਜਨਰਲ ਸਕੱਤਰ ਸੁਨੀਲ ਗੁਪਤਾ ਦੀ ਅਗਵਾਈ ਵਾਲੇ ਵਫ਼ਦ ਨੇ ਨਵੇਂ ਸਕੱਤਰ ਦਾ ਸਵਾਗਤ ਕੀਤਾ ਅਤੇ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ। ਮੀਟਿੰਗ ਦੌਰਾਨ ਵਪਾਰੀ ਸੰਸਥਾ ਨੇ ਸਕੱਤਰ ਦੇ ਧਿਆਨ ਵਿੱਚ ਕਈ ਮੁੱਖ ਮੁੱਦੇ ਲਿਆਂਦੇ ਅਤੇ ਕਿਹਾ ਕਿ ਕੋਈ ਵੀ ਨੋਟਿਸ ਜਾਰੀ ਕਰਨ ਤੋਂ ਪਹਿਲਾਂ ਰਿਕਾਰਡਾਂ ਦੀ ਸਹੀ ਤਸਦੀਕ ਅਤੇ ਜਾਂਚ ਜ਼ਰੂਰ ਕੀਤੀ ਜਾਵੇ। ਸਕੱਤਰ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਸਾਰੇ ਲੰਬਿਤ ਮੁੱਦਿਆਂ ਨੂੰ ਜਲਦੀ ਹੱਲ ਕੀਤਾ ਜਾਵੇਗਾ। -ਪੱਤਰ ਪ੍ਰੇਰਕ
ਨਗਰ ਕੌਂਸਲ ਦੀ ਮੀਟਿੰਗ ’ਚ ਹਾਊਸ ਟੈਕਸ ਬਾਰੇ ਚਰਚਾ
ਫ਼ਤਹਿਗੜ੍ਹ ਸਾਹਿਬ: ਨਗਰ ਕੌਂਸਲ ਸਰਹਿੰਦ ਵਿਖੇ ਕਾਰਜ ਸਾਦਕ ਅਫਸਰ ਸੰਗੀਤ ਆਹਲੂਵਾਲੀਆ ਦੀ ਅਗਵਾਈ ਵਿੱਚ ਸਟਾਫ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ। ਆਹਲੂਵਾਲੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਾਊਸ ਟੈਕਸ ਵਿੱਚ ਵਿਸ਼ੇਸ਼ ਸਕੀਮ ਤਹਿਤ ਵਿਸ਼ੇਸ਼ ਛੋਟ ਦਿੱਤੀ ਗਈ ਹੈ ਜਿਨ੍ਹਾਂ ਲੋਕਾਂ ਨੇ ਹਾਊਸ ਟੈਕਸ ਨਹੀਂ ਭਰਿਆ ਉਨ੍ਹਾਂ ਦਾ ਜੁਰਮਾਨਾ ਅਤੇ ਵਿਆਜ ਮੁਆਫ਼ ਕੀਤਾ ਗਿਆ ਹੈ ਅਤੇ ਸਿਰਫ ਬਣਦਾ ਟੈਕਸ ਹੀ ਭਰਨਾ ਪਵੇਗਾ। ਉਨ੍ਹਾਂ ਲੋਕਾਂ ਨੂੰ 31 ਜੁਲਾਈ ਤੱਕ ਇਸ ਸਕੀਮ ਦਾ ਲਾਭ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਟੈਕਸ ਦੇ ਇਸ ਪੈਸੇ ਨੂੰ ਇਲਾਕੇ ਦੇ ਵਿਕਾਸ ’ਤੇ ਖਰਚ ਕੀਤਾ ਜਾਵੇਗਾ। ਇਸ ਮੌਕੇ ਸੈਨਟਰੀ ਇੰਸਪੈਕਟਰ ਮਨੋਜ ਕੁਮਾਰ, ਜਸਵੰਤ ਸਿੰਘ ਜੇਈ ਅਤੇ ਇੰਸਪੈਕਟਰ ਸਤਪਾਲ ਗਰਗ ਆਦਿ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ
ਅਮਰਿੰਦਰ ਭਾਜਪਾ ਦਾ ਜ਼ਿਲ੍ਹਾ ਸਕੱਤਰ ਨਿਯੁਕਤ
ਪੰਚਕੂਲਾ: ਪੰਚਕੂਲਾ ਜ਼ਿਲ੍ਹਾ ਭਾਜਪਾ ਦੇ ਜ਼ਿਲ੍ਹਾ ਸਕੱਤਰ ਯੁਵਾ ਭਾਜਪਾ ਨੇਤਾ ਅਮਰਿੰਦਰ ਨੂੰ ਬਣਾਇਆ ਗਿਆ। ਇਸ ਤੋਂ ਪਹਿਲਾਂ ਹੋਈ ਮੀਟਿੰਗ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸੂਬਾ ਇੰਚਾਰਜ ਸਤੀਸ਼ ਪੁੰਨੀਆ, ਸੂਬਾ ਪ੍ਰਧਾਨ ਮੋਹਨਲਾਲ ਬੜੋਲੀ, ਭਾਜਪਾ ਨੇਤਾ ਵਰਿੰਦਰਨਾਥ ਸ਼ਰਮਾ, ਪੰਚਕੂਲਾ ਦੇ ਜ਼ਿਲ੍ਹਾ ਪ੍ਰਧਾਨ ਅਜੈ ਮਿੱਤਲ ਨੇ ਅਮਰਿੰਦਰ ਸਿੰਘ ਨੂੰ ਸਕੱਤਰ ਬਣਾਏ ਜਾਣ ਦਾ ਫੈਸਲਾ ਲਿਆ। ਸਕੱਤਰ ਅਮਰਿੰਦਰ ਸਿੰਘ ਨੇ ਕਿਹਾ ਕਿ ਮੇਰੇ ਲਈ ਸਕੱਤਰ ਦਾ ਅਹੁਦਾ ਇੱਕ ਸੇਵਾ ਦਾ ਮੌਕਾ ਹੈ ਤਾਂ ਜੋ ਮੈਂ ਵੱਧ-ਚੜ੍ਹ ਕੇ ਲੋਕਾਂ ਦੀ ਸੇਵਾ ਕਰ ਸਕਾਂ। ਅਮਰਿੰਦਰ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈ ਮਿੱਤੇ ਅਤੇ ਹੋਰ ਭਾਜਪਾ ਦੇ ਨੇਤਾਵਾਂ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ
ਏਪੀਜੇ ਪਬਲਿਕ ਸਕੂਲ ’ਚ ਤੀਜ ਮਨਾਈ
ਖਰੜ: ਏ ਪੀ ਜੇ ਪਬਲਿਕ ਸਕੂਲ ਨੇ ਤੀਜ ਉਤਸ਼ਾਹ ਨਾਲ ਮਨਾਈ। ਬੱਚਿਆਂ ਦੇ ਮਾਪਿਆਂ ਨੂੰ ਵੀ ਇਸ ਸਮਾਗਮ ਦਾ ਹਿੱਸਾ ਬਣਨ ਲਈ ਸੱਦਾ ਦਿੱਤਾ ਗਿਆ ਸੀ। ਪ੍ਰਾਇਮਰੀ ਅਤੇ ਮਿਡਲ ਸਕੂਲ ਦੇ ਵਿਦਿਆਰਥੀਆਂ ਵਲੋਂ ਲੋਕ ਨਾਚ ਅਤੇ ਗੀਤ ਪੇਸ਼ ਕੀਤੇ ਗਏ। ਸੀਨੀਅਰ ਵਿਦਿਆਰਥੀਆਂ ਨੇ ਸਮੂਹ ਨਾਚ ਅਤੇ ਸੰਗੀਤ ਪੇਸ਼ ਕੀਤਾ। ਪ੍ਰਿੰਸੀਪਲ ਨੇ ਧੰਨਵਾਦ ਅਤੇ ਮਠਿਆਈਆਂ ਵੰਡੀਆਂ। -ਪੱਤਰ ਪ੍ਰੇਰਕ
ਿਵਦਿਆਰਥੀਆਂ ਨੂੰ ਵਜ਼ੀਫ਼ੇ ਦੇ ਚੈੱਕ ਵੰਡੇ
ਰੂਪਨਗਰ: ਸਰਕਾਰੀ ਕਾਲਜ ਰੋਪੜ ਵਿੱਚ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਸਰਕਾਰੀ ਕਾਲਜ ਰਿਟਾਇਰਡ ਟੀਚਰ ਵੈਲਫੇਅਰ ਐਸੋਸੇਏਸ਼ਨ ਪੰਜਾਬ ਵੱਲੋਂ ਟ੍ਰਾਈਸਿਟੀ ਪ੍ਰਧਾਨ ਡਾ. ਸੰਤ ਸੁਰਿੰਦਰਪਾਲ ਸਿੰਘ ਤੋਂ ਇਲਾਵਾ ਪ੍ਰੋ. ਬੀਐੱਸ ਸਤਿਆਲ, ਡਾ. ਜਗਜੀਤ ਸਿੰਘ, ਡਾ. ਹਰਜਸ ਕੌਰ ਅਤੇ ਪ੍ਰੋ. ਪ੍ਰਤਿਭਾ ਸੈਣੀ ਦੀ ਦੇਖ-ਰੇਖ ਹੇਠ ਕਰਵਾਏ ਸਮਾਗਮ ਦੌਰਾਨ 14 ਵਿਦਿਆਰਥੀਆਂ ਨੂੰ ਪ੍ਰਤੀ ਵਿਦਿਆਰਥੀ 2500 ਰੁਪਏ ਦੀ ਰਕਮ ਦੇ ਚੈੱਕ ਦਿੱਤੇ ਗਏ। ਇਸ ਮੌਕੇ ਪ੍ਰੋ. ਨਤਾਸ਼ਾ ਕਾਲੜਾ, ਪ੍ਰੋ. ਡਾ. ਅੰਨੂ ਸ਼ਰਮਾ , ਪ੍ਰੋ. ਰਵਨੀਤ ਕੌਰ, ਵਾਈਸ ਪ੍ਰਿੰਸੀਪਲ ਪ੍ਰੋ. ਹਰਜੀਤ ਸਿੰਘ, ਰਜਿਸਟਰਾਰ ਪ੍ਰੋ. ਮੀਨਾ ਕੁਮਾਰੀ, ਕਾਲਜ ਬਰਸਰ ਡਾ. ਦਲਵਿੰਦਰ ਸਿੰਘ, ਪ੍ਰੋ. ਅਰਵਿੰਦਰ ਕੌਰ, ਪ੍ਰੋ. ਸ਼ਮਿੰਦਰ ਕੌਰ, ਪ੍ਰੋ. ਅਜੈ ਕੁਮਾਰ, ਪ੍ਰੋ. ਦੇਪਿੰਦਰ ਸਿੰਘ, ਬਲਜਿੰਦਰ ਕੌਰ, ਪ੍ਰੋ. ਰਜਿੰਦਰ ਕੌਰ, ਪ੍ਰੋ. ਹਰਸਿਮਰਤ ਕੌਰ, ਪ੍ਰੋ. ਹਰਦੀਪ ਕੌਰ ਤੋਂ ਇਲਾਵਾ ਸਟਾਫ਼ ਮੈਂਬਰ ਹਾਜ਼ਰ ਸਨ। -ਪੱਤਰ ਪ੍ਰੇਰਕ