ਬਿਲਡਰ ਤੋਂ ਪ੍ਰੇਸ਼ਾਨ ਸੁਸਾਇਟੀ ਵਾਸੀਆਂ ਵੱਲੋਂ ਪ੍ਰਦਰਸ਼ਨ
ਹਰਜੀਤ ਸਿੰਘ
ਜ਼ੀਰਕਪੁਰ, 22 ਜੂਨ
ਢਕੌਲੀ ਖੇਤਰ ਵਿੱਚ ਪੈਂਦੇ ਕਿਸ਼ਨਪੁਰਾ ਵਿੱਚ ਪੈਂਦੀ ਓਪੇਰਾ ਗਾਰਡਨ ਦੇ ਵਸਨੀਕਾਂ ਨੇ ਬਿਲਡਰ ’ਤੇ ਵਾਅਦਾ-ਖ਼ਿਲਾਫ਼ੀ ਦਾ ਦੋਸ਼ ਲਾਉਂਦੇ ਹੋਏ ਪ੍ਰਦਰਸ਼ਨ ਕੀਤਾ। ਇਸ ਮੌਕੇ ਸੁਸਾਇਟੀ ਵਾਸੀਆਂ ਨੇ ਦੋਸ਼ ਲਾਇਆ ਕਿ ਬਿਲਡਰ ਵੱਲੋਂ ਹਰ ਮਹੀਨੇ ਉਨ੍ਹਾਂ ਤੋਂ ਮੈਂਟੀਨੈਂਸ ਚਾਰਜ ਵਸੂਲਣ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਸਹੂਲਤਾਂ ਨਹੀਂ ਦਿੱਤੀ ਜਾ ਰਹੀ ਹੈ।
ਇਸ ਮੌਕੇ ਸੁਸਾਇਟੀ ਵਾਸੀ ਪ੍ਰਧਾਨ ਮੁੰਜਲਾ ਚਤਰਥ, ਸੰਜੈ ਖੱਤਰੀ, ਸੰਜੀਵ ਤਨੇਜਾ, ਰਮੇਸ਼ ਸੁੰਦਰਾ, ਮਲਿਕਾ ਖਹਿਰਾ, ਸੁਨੀਤਾ ਬੱਗਾ ਨੇ ਦੋਸ਼ ਲਾਇਆ ਕਿ ਫਲੈਟ ਵੇਚਦੇ ਹੋਏ ਬਿਲਡਰ ਨੇ ਇੱਥੇ ਕਈ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਸੀ। ਇਸ ਨੂੰ ਦੇਖਦੇ ਹੋਏ ਇੱਥੇ ਲੱਖਾਂ ਰੁਪਏ ਖ਼ਰਚ ਕੇ ਫਲੈਟ ਖ਼ਰੀਦੇ ਸਨ ਪਰ ਇੱਥੇ ਐਨੇ ਸਾਲ ਰਹਿਣ ਦੇ ਬਾਵਜੂਦ ਹਾਲੇ ਤੱਕ ਉਨ੍ਹਾਂ ਨੂੰ ਵਾਅਦੇ ਮੁਤਾਬਕ ਸਹੂਲਤਾਂ ਨਹੀਂ ਮਿਲੀਆਂ। ਉਨ੍ਹਾਂ ਦੋਸ਼ ਲਾਇਆ ਕਿ ਹਾਲੇ ਤੱਕ ਇੱਥੇ ਕਲੱਬ ਹਾਊਸ ਅਤੇ ਸਵਿਮਿੰਗ ਪੂਲ ਦੀ ਉਸਾਰੀ ਨਹੀਂ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਬਿਲਡਰ ਵੱਲੋਂ ਇੱਥੇ 24 ਘੰਟੇ ਪਾਵਰ ਬੈੱਕਅੱਪ ਦੀ ਸਹੂਲਤ ਦੇਣ ਦਾ ਵਾਅਦਾ ਕੀਤਾ ਸੀ ਪਰ ਹਾਲੇ ਤੱਕ ਇਸ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ। ਗਰਮੀਆਂ ਵਿੱਚ ਇੱਥੇ ਬਿਨਾਂ ਬਿਜਲੀ ਤੋਂ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇੱਥੇ ਪਾਣੀ ਦੇ ਨਿਕਾਸ ਦੇ ਪ੍ਰਬੰਧ ਨਾਕਾਫੀ ਹਨ। ਇਸ ਕਾਰਨ ਬੇਸਮੈਂਟ ਵਿੱਚ ਪਾਣੀ ਭਰ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਦੇ ਵਾਹਨ ਖ਼ਰਾਬ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਬਿਲਡਰ ਵੱਲੋਂ ਸੁਸਾਇਟੀ ਵਿੱਚ ਥਾਂ ਥਾਂ ’ਤੇ ਉਸਾਰੀ ਦਾ ਕੰਮ ਛੇੜਿਆ ਹੋਇਆ ਹੈ ਜਿਸ ਕਾਰਨ ਦਿੱਕਤ ਆਉਂਦੀ ਹੈ।
ਇਸ ਸਬੰਧੀ ਬਿਲਡਰ ਅਜੈਵੀਰ ਸਹਿਗਲ ਨੇ ਦੱਸਿਆ ਕਿ ਸੁਸਾਇਟੀ ਦੇ ਵਸਨੀਕ ਪੂਰਾ ਭੁਗਤਾਨ ਨਹੀਂ ਕਰ ਰਹੇ ਹਨ। ਸੁਸਾਇਟੀ ਵਾਸੀਆਂ ਦਾ ਇੱਕ ਕਰੋੜ ਰੁਪਏ ਤੋਂ ਵੱਧ ਬਕਾਇਆ ਹੈ ਜਿਸ ਕਾਰਨ ਸਹੂਲਤਾਂ ਦੇਣ ਵਿੱਚ ਪ੍ਰੇਸ਼ਾਨੀ ਆ ਰਹੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਛੇਤੀ ਵਾਅਦੇ ਮੁਤਾਬਕ ਸਾਰੀ ਸਹੂਲਤਾਂ ਦਿੱਤੀਆਂ ਜਾਣਗੀਆਂ।