ਨੌਵੀਂ ਵਾਰ ਸ਼ਰਾਬ ਠੇਕਿਆਂ ਦੀ ਨਿਲਾਮੀ ਨੂੰ ਮੱਠਾ ਹੁੰਗਾਰਾ
ਆਤਿਸ਼ ਗੁਪਤਾ
ਚੰਡੀਗੜ੍ਹ, 29 ਮਈ
ਚੰਡੀਗੜ੍ਹ ਵਿੱਚ ਐਤਕੀ ਵੀ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਵਿੱਚ ਮੱਠਾ ਹੁੰਗਾਰਾ ਮਿਲ ਰਿਹਾ ਹੈ। ਅੱਜ ਯੂਟੀ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਵੱਲੋਂ ਬਕਾਇਆ ਰਹਿੰਦੇ 11 ਠੇਕਿਆਂ ਦੀ 9ਵੀਂ ਵਾਰ ਨਿਲਾਮੀ ਰੱਖੀ ਗਈ। ਇਸ ਦੌਰਾਨ 11 ਵਿੱਚੋਂ ਸਿਰਫ਼ ਦੋ ਸ਼ਰਾਬ ਦੇ ਠੇਕੇ ਹੀ ਨਿਲਾਮ ਹੋ ਸਕੇ ਹਨ, ਜਦੋਂ ਕਿ 9 ਸ਼ਰਾਬ ਦੇ ਠੇਕਿਆਂ ਲਈ ਕੋਈ ਵੀ ਖਰੀਦਦਾਰ ਅੱਗੇ ਨਹੀਂ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੀ ਨਿਲਾਮੀ ਦੌਰਾਨ ਸੈਕਟਰ-22 ਤੇ ਸੈਕਟਰ-17 ਦਾ ਸ਼ਰਾਬ ਦਾ ਠੇਕਾ ਨਿਲਾਮ ਹੋਇਆ ਹੈ। ਹੁਣ ਯੂਟੀ ਪ੍ਰਸ਼ਾਸਨ ਵੱਲੋਂ ਬਕਾਇਆ ਰਹਿੰਦੇ 9 ਸ਼ਰਾਬ ਦੇ ਠੇਕਿਆਂ ਦੀ ਮੁੜ ਤੋਂ ਨਿਲਾਮੀ ਰੱਖੀ ਜਾਵੇਗੀ।
ਇਸ ਤੋਂ ਪਹਿਲਾਂ ਯੂਟੀ ਪ੍ਰਸ਼ਾਸਨ ਨੇ 26 ਮਈ ਨੂੰ ਵੀ 11 ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਰੱਖੀ ਗਈ ਸੀ। ਉਸ ਦੌਰਾਨ ਵੀ ਸਿਰਫ਼ ਸੈਕਟਰ-22 ਵਾਲਾ ਇਕੋਂ ਸ਼ਰਾਬ ਦਾ ਠੇਕਾ 3.51 ਕਰੋੜ ਰੁਪਏ ਵਿੱਚ ਨਿਲਾਮ ਹੋਇਆ ਸੀ। ਕਰ ਤੇ ਆਬਕਾਰੀ ਵਿਭਾਗ ਨੇ 7ਵੇਂ ਗੇੜ ਦੀ ਨਿਲਾਮੀ 22 ਮਈ ਨੂੰ ਰੱਖੀ ਗਈ, ਉਸ ਦੌਰਾਨ ਵੀ ਸਿਰਫ਼ ਇਕ ਮੌਲੀ ਜੱਗਰਾਂ ਦਾ ਸ਼ਰਾਬ ਦਾ ਠੇਕਾ 7.76 ਕਰੋੜ ਰੁਪਏ ਵਿੱਚ ਨਿਲਾਮ ਹੋਇਆ ਸੀ। ਇਸ ਤੋਂ ਪਹਿਲਾਂ 14 ਮਈ ਨੂੰ ਵਿਭਾਗ ਨੇ 17 ਠੇਕਿਆਂ ਵਿੱਚੋਂ ਸਿਰਫ਼ 6 ਠੇਕੇ ਹੀ ਨਿਲਾਮ ਕੀਤੇ ਸਨ। ਉਸ ਦੌਰਾਨ ਵਿਭਾਗ ਨੇ 6 ਠੇਕਿਆਂ ਦੀ ਨਿਲਾਮੀ ਵਿੱਚ 24.32 ਕਰੋੜ ਰੁਪਏ ਦੀ ਰਾਖਵੀਂ ਕੀਮਤ ਦੇ ਮੁਕਾਬਲੇ 39.60 ਕਰੋੜ ਰੁਪਏ ਕਮਾਏ ਸਨ।
ਦੂਜੇ ਪਾਸੇ ਕਰ ਤੇ ਆਬਕਾਰੀ ਵਿਭਾਗ ਨੇ ਇਸ ਵਾਰ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਤੋਂ ਰਿਕਾਰਡ ਮੁਨਾਫਾ ਕਮਾਇਆ ਹੈ। ਇਸ ਸਾਲ ਵਿਭਾਗ ਨੇ ਠੇਕਿਆਂ ਦੀ ਨਿਲਾਮੀ ਵਿੱਚ ਹੀ ਪਿਛਲੇ ਸਾਲ ਨਾਲੋਂ 35 ਪ੍ਰਤੀਸ਼ਤ ਵੱਧ ਕਮਾਈ ਕੀਤੀ ਹੈ। ਹੁਣ ਤੱਕ ਵਿਭਾਗ ਨੇ 88 ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਤੋਂ 535 ਕਰੋੜ ਰੁਪਏ ਦੇ ਕਰੀਬ ਦੀ ਕਮਾਈ ਕੀਤੀ ਹੈ, ਜਦੋਂ ਕਿ ਪਿਛਲੇ ਸਾਲ ਸਿਰਫ 413 ਕਰੋੜ ਰੁਪਏ ਮਿਲੇ ਸਨ, ਜਦੋਂ ਕਿ 9 ਹੋਰ ਠੇਕਿਆਂ ਦੀ ਨਿਲਾਮੀ ਅਜੇ ਬਾਕੀ ਹੈ। ਜ਼ਿਕਰਯੋਗ ਹੈ ਕਿ ਕਰ ਤੇ ਆਬਕਾਰੀ ਵਿਭਾਗ ਨੇ 21 ਮਾਰਚ ਨੂੰ ਪਹਿਲੀ ਵਾਰ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਵਿੱਚ ਚੰਡੀਗੜ੍ਹ ਦੇ ਕੁੱਲ 97 ਸ਼ਰਾਬ ਦੇ ਠੇਕਿਆਂ ਵਿੱਚੋਂ ਹੁਣ ਤੱਕ 96 ਠੇਕਿਆਂ ਨੂੰ 606 ਕਰੋੜ ਰੁਪਏ ਵਿੱਚ ਨਿਲਾਮ ਕੀਤਾ ਸੀ ਪਰ ਇਸ ਵਿੱਚੋਂ 48 ਸ਼ਰਾਬ ਠੇਕਿਆਂ ਵੱਲੋਂ ਬੈਂਕ ਗਾਰੰਟੀ ਜਮ੍ਹਾਂ ਨਾ ਕਰਵਾਉਣ ’ਤੇ ਵਿਭਾਗ ਨੇ ਠੇਕਿਆਂ ਦੀ ਅਲਾਟਮੈਂਟ ਰੱਦ ਕਰ ਦਿੱਤੀ ਸੀ।
ਨਗਰ ਕੌਂਸਲ ਨੇ ਸ਼ਰਾਬ ਦਾ ਨਾਜਾਇਜ਼ ਠੇਕਾ ਤੋੜਿਆ
ਜ਼ੀਰਕਪੁਰ (ਹਰਜੀਤ ਸਿੰਘ): ਇੱਥੋਂ ਦੇ ਪੀਰਮੁੱਛਲਾ ਖੇਤਰ ਵਿੱਚ ਨਾਜਾਇਜ਼ ਤੌਰ ’ਤੇ ਉਸਾਰੇ ਸ਼ਰਾਬ ਦੇ ਠੇਕੇ ਨੂੰ ਅੱਜ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਦੀ ਹਦਾਇਤ ’ਤੇ ਢਾਹ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਵਾਰਡ ਨੰਬਰ 11 ਦੀ ਕੌਂਸਲਰ ਗੁਰਜੀਤ ਕੌਰ ਦੀ ਅਗਵਾਈ ਹੇਠ ਲੋਕਾਂ ਨੇ ਰਿਹਾਇਸ਼ੀ ਖੇਤਰ ਵਿੱਚ ਖੁੱਲ੍ਹੇ ਇਸ ਠੇਕੇ ਦਾ ਵਿਰੋਧ ਕਰਦਿਆਂ ਇਸ ਨੂੰ ਬੰਦ ਕਰਨ ਦੀ ਮੰਗ ਕੀਤੀ ਸੀ। ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਡਾ. ਰਵਜੋਤ ਸਿੰਘ ਨੇ ਡਿਪਟੀ ਕਮਿਸ਼ਨਰ ਮੁਹਾਲੀ ਕੋਮਲ ਮਿੱਤਲ ਨੂੰ ਨੂੰ ਤੁਰੰਤ ਇਸਦੀ ਜਾਂਚ ਕਰ ਕਾਰਵਾਈ ਕਰਨ ਦੀ ਹਦਾਇਤ ਕੀਤੀ। ਡਿਪਟੀ ਕਮਿਸ਼ਨਰ ਮੁਹਾਲੀ ਕੋਮਲ ਮਿੱਤਲ ਨੇ ਕਿਹਾ ਕਿ ਜਾਂਚ ਵਿੱਚ ਠੇਕਾ ਨਾਜਾਇਜ਼ ਪਾਇਆ ਗਿਆ ਜਿਸ ਦੀ ਨਗਰ ਕੌਂਸਲ ਤੋਂ ਕੋਈ ਮਨਜ਼ੂਰੀ ਨਹੀਂ ਲਈ ਗਈ ਸੀ। ਉਨ੍ਹਾਂ ਨੇ ਕਿਹਾ ਕਿ ਕਾਰਵਾਈ ਕਰਦਿਆਂ ਤੁਰੰਤ ਠੇਕੇ ਨੂੰ ਦੇ ਢਾਂਚੇ ਨੂੰ ਤੋੜ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਨਾਜਾਇਜ਼ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।