ਇੰਡੀਗੋ ਏਅਰਲਾਈਨਜ਼ ਨੇ ਅੱਜ ਸਵੇਰੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਚੰਡੀਗੜ੍ਹ ’ਤੇ ਉਡਾਣ ਸੰਚਾਲਨ ਨੂੰ ਆਮ ਵਾਂਗ ਕਰਨ ਲਈ ਸ਼ੁਰੂਆਤੀ ਕਦਮ ਚੁੱਕੇ। ਇਸ ਦੇ ਮੱਦੇਨਜ਼ਰ ਅੱਜ ਸਵੇਰੇ ਛੇ ਉਡਾਣਾਂ ਸਮੇਂ ਸਿਰ ਰਵਾਨਾ ਹੋਈਆਂ ਤੇ ਚਾਰ ਉਡਾਣਾਂ ਇੱਥੇ ਪੁੱਜੀਆਂ ਜਦਕਿ ਅੱਜ ਸ਼ਨਿਚਰਵਾਰ ਲਈ ਦਸ ਉਡਾਣਾਂ ਰੱਦ ਕੀਤੀਆਂ ਗਈਆਂ ਹਨ ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸਣਾ ਬਣਦਾ ਹੈ ਕਿ ਇਸ ਏਅਰਲਾਈਨ ਨੇ ਸ਼ੁੱਕਰਵਾਰ ਸ਼ਾਮ ਨੂੰ ਜਾਣਕਾਰੀ ਦਿੱਤੀ ਸੀ ਕਿ ਮੁਹਾਲੀ ਅੱਡੇ ਤੋਂ ਸ਼ਨਿਚਰਵਾਰ ਨੂੰ 10 ਉਡਾਣਾਂ ਰੱਦ ਕੀਤੀਆਂ ਜਾਣਗੀਆਂ। ਇੰਡੀਗੋ ਵਲੋਂ ਰੱਦ ਕੀਤੀਆਂ ਉਡਾਣਾਂ ਵਿਚ ਲਖਨਊ (ਸਵੇਰੇ 5:55 ਵਜੇ), ਦਿੱਲੀ (ਸਵੇਰੇ 5:45 ਵਜੇ), ਬੰਗਲੁਰੂ (ਸਵੇਰੇ 8 ਵਜੇ), ਇੰਦੌਰ (ਸਵੇਰੇ 11:45 ਵਜੇ), ਲੇਹ (ਦੁਪਹਿਰ 2:05 ਵਜੇ), ਸ੍ਰੀਨਗਰ (ਦੁਪਹਿਰ 2:10 ਵਜੇ), ਮੁੰਬਈ (ਸ਼ਾਮ 3:55 ਵਜੇ), ਹੈਦਰਾਬਾਦ (ਸ਼ਾਮ 4:20 ਵਜੇ), ਅਹਿਮਦਾਬਾਦ (ਸ਼ਾਮ 7 ਵਜੇ), ਪੁਣੇ (ਰਾਤ 9:10 ਵਜੇ) ਸ਼ਾਮਲ ਹਨ।
ਇੱਥੇ ਸ਼ਨਿਚਰਵਾਰ ਅੱਜ ਸਵੇਰੇ ਜੈਪੁਰ (ਸਵੇਰੇ 7:15 ਵਜੇ), ਬੰਗਲੁਰੂ (ਸਵੇਰੇ 7:30 ਵਜੇ), ਦਿੱਲੀ (ਸਵੇਰੇ 7:55 ਵਜੇ), ਮੁੰਬਈ (ਸਵੇਰੇ 8:20 ਵਜੇ) ਤੋਂ ਉਡਾਣਾਂ ਇੱਥੇ ਪੁੱਜੀਆਂ ਜਦੋਂ ਕਿ ਹੈਦਰਾਬਾਦ (ਸਵੇਰੇ 6:22 ਵਜੇ), ਚੇਨਈ (ਸਵੇਰੇ 7:21 ਵਜੇ), ਪਟਨਾ (ਸਵੇਰੇ 7:20 ਵਜੇ), ਜੈਪੁਰ (ਸਵੇਰੇ 7:35 ਵਜੇ), ਦਿੱਲੀ (ਸਵੇਰੇ 8:45 ਵਜੇ) ਅਤੇ ਮੁੰਬਈ (ਸਵੇਰੇ 9:02 ਵਜੇ) ਦੀਆਂ ਉਡਾਣਾਂ ਅੱਜ ਸਵੇਰੇ ਸਮੇਂ ਸਿਰ ਰਵਾਨਾ ਹੋਈਆਂ।
ਦੂਜੇ ਪਾਸੇ ਯਾਤਰੀਆਂ ਨੇ ਦੋਸ਼ ਲਗਾਇਆ ਕਿ ਇੰਡੀਗੋ ਦੇ ਮਾੜੇ ਪ੍ਰਬੰਧਨ ਕਾਰਨ ਹੋਰ ਏਅਰਲਾਈਨਾਂ ਦੇ ਹਵਾਈ ਕਿਰਾਏ ਵੀ ਵਧ ਗਏ ਹਨ। ਇਸ ਮੌਕੇ ਇੰਡੀਗੋ ਦੇ ਅਧਿਕਾਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਗੱਲ ਨਾ ਹੋ ਸਕੀ।

