ਤਖ਼ਤ ਕੇਸਗੜ੍ਹ ਸਾਹਿਬ ਦੇ ਸਰੋਵਰ ਵਿੱਚੋਂ ਗਾਰ ਕੱਢਣ ਦੀ ਸੇਵਾ ਸ਼ੁਰੂ
ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਪਵਿੱਤਰ ਸਰੋਵਰ ਵਿੱਚੋਂ ਗਾਰ ਕੱਢਣ ਦੀ ਸੇਵਾ ਅੱਜ ਜੈਕਾਰਿਆਂ ਦੀ ਗੂੰਜ ਵਿੱਚ ਸ਼ੁਰੂ ਕੀਤੀ ਗਈ। ਇਹ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਵਾਸੀ ਬਾਬਾ ਹਰਬੰਸ ਸਿੰਘ ਅਤੇ ਬਾਬਾ ਬਚਨ ਸਿੰਘ ਕਾਰ ਸੇਵਾ ਦਿੱਲੀ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਸੇਵਾ ਦੀ ਸ਼ੁਰੂਆਤ ਸ੍ਰੀ ਆਨੰਦ ਸਾਹਿਬ ਦੇ ਪਾਠ ਨਾਲ ਹੋਈ ਅਤੇ ਇਸ ਤੋਂ ਬਾਅਦ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਰਦਾਸ ਕੀਤੀ। ਉਪਰੰਤ, ਜੈਕਾਰਿਆਂ ਦੀਆਂ ਗੂੰਜ ਵਿੱਚ ਸਮੂਹ ਸੰਗਤਾਂ ਨੇ ਪਵਿੱਤਰ ਸਰੋਵਰ ਵਿੱਚੋਂ ਗਾਰ ਕੱਢਣ ਦੀ ਸੇਵਾ ਕੀਤੀ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਗੁਰੂ ਰਾਮਦਾਸ ਜੀ ਦੇ ਗੁਰਿਆਈ ਦਿਵਸ ਅਤੇ ਭਾਈ ਜੈਤਾ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਮੁਬਾਰਕਾਂ ਵੀ ਦਿੱਤੀਆਂ। ਇਸ ਮੌਕੇ ਸੰਤ ਬਾਬਾ ਬਚਨ ਸਿੰਘ ਕਾਰ ਸੇਵਾ ਦਿੱਲੀ ਵਾਲੇ, ਬਾਬਾ ਮਹਿੰਦਰ ਸਿੰਘ ਕਾਰ ਸੇਵਾ ਦਿੱਲੀ ਵਾਲੇ, ਬਾਬਾ ਨਰਿੰਦਰ ਸਿੰਘ, ਬਾਬਾ ਕੁਲਦੀਪ ਸਿੰਘ, ਗਿਆਨੀ ਸਤਨਾਮ ਸਿੰਘ, ਤਖਤ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਮੈਨੇਜਰ ਗੁਰਦੀਪ ਸਿੰਘ ਕੰਗ, ਬਾਬਾ ਗੁਲਜ਼ਾਰ ਸਿੰਘ, ਬਾਬਾ ਸੁੱਖਾ ਸਿੰਘ ਕਰਨਾਲ ਵਾਲੇ, ਬਾਬਾ ਮਹਿੰਦਰ ਸਿੰਘ ਪਿਹੋਵਾ, ਬਾਬਾ ਲਾਡੀ ਸਿੰਘ ਪਉਂਟਾ ਸਾਹਿਬ ਅਤੇ ਬਾਬਾ ਸੁਰਿੰਦਰ ਸਿੰਘ ਸਣੇ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ।