ਸਿੱਧੂ ਨੇ ਲੋੜਵੰਦ ਪਰਿਵਾਰ ਦੇ ਮਕਾਨ ਦੀ ਉਸਾਰੀ ਕਰਵਾਈ
ਐੱਸਏਐੱਸ ਨਗਰ(ਮੁਹਾਲੀ): ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪਿੰਡ ਗੋਬਿੰਦਗੜ੍ਹ ਦੇ ਲੋੜਵੰਦ ਪਰਿਵਾਰ ਦੇ ਕੱਚੇ ਮਕਾਨ ਨੂੰ ਪੱਕਾ ਕਰਨ ਲਈ ਯੋਗਦਾਨ ਪਾਇਆ ਹੈ। ਉਨ੍ਹਾਂ ਇੱਕ ਮਹਿਲਾ ਅਤੇ ਉਸ ਦੇ ਪਰਿਵਾਰ ਨੂੰ ਮਕਾਨ ਉਸਾਰੀ ਅਤੇ ਛੱਤ ਦੇ ਲੈਂਟਰ ਲਈ ਸੀਮਿੰਟ ਅਤੇ ਨਗਦੀ ਭੇਟ ਕੀਤੀ ਹੈ। ਪਿਛਲੇ ਦਿਨੀਂ ਪਿੰਡ ਗੋਬਿੰਦਗੜ੍ਹ ਵਿਖੇ ਇੱਕ ਜਨਤਕ ਮੀਟਿੰਗ ਦੌਰਾਨ, ਮਹਿਲਾ ਰਾਣੋ ਦੇਵੀ ਨੇ ਸ੍ਰੀ ਸਿੱਧੂ ਨੂੰ ਮਿਲ ਕੇ ਆਪਣੇ ਘਰ ਦੀ ਤਰਸਯੋਗ ਹਾਲਤ ਦਿਖਾਈ ਸੀ। ਬਲਬੀਰ ਸਿੱਧੂ ਨੇ ਉਸ ਨੂੰ ਸਹਾਇਤਾ ਦਾ ਭਰੋਸਾ ਦਿੱਤਾ ਸੀ। ਇਸ ਮੌਕੇ ’ਤੇ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਰਪੰਚ ਕਰਮਾ ਪੁਰੀ, ਰਾਮ ਈਸ਼ਵਰ, ਦੀਪ ਚੰਦ, ਬਲਵਿੰਦਰ ਸਿੰਘ, ਸੰਜੀਵ ਕੁਮਾਰ ਬੰਟੀ ਗੋਬਿੰਦਗੜ੍ਹ, ਦਲਜੀਤ ਪੁਰੀ, ਮੋਹਨ ਲਾਲ ਆਦਿ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ
ਸੜਕ ਹਾਦਸੇ ’ਚ ਪੁਲੀਸ ਮੁਲਾਜ਼ਮ ਦੀ ਮੌਤ
ਪੰਚਕੂਲਾ: ਇੱਥੇ ਸੈਕਟਰ-27 ਵਿੱਚ ਪੰਚਕੂਲਾ ਪੁਲੀਸ ਦੇ ਏਐੱਸਆਈ ਅਨਿਲ ਕੁਮਾਰ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਦੱਸਿਆ ਗਿਆ ਕਿ ਉਹ ਪੰਚਕੂਲਾ ਤੋਂ ਰਾਮਗੜ੍ਹ ਵੱਲ ਜਾ ਰਹੇ ਸਨ ਅਤੇ ਰਸਤੇ ਵਿੱਚ ਉਨ੍ਹਾਂ ਦੀ ਕਾਰ ਇੱਕ ਹੋਰ ਵਾਹਨ ਨਾਲ ਟਕਰਾ ਗਈ। ਹਾਦਸੇ ’ਚ ਉਨ੍ਹਾਂ ਦੀ ਮੌਕੇ ਤੇ ਮੌਤ ਹੋ ਗਈ। ਪੁਲੀਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। -ਪੱਤਰ ਪ੍ਰੇਰਕ
ਕੁਲਪਤੀ ਨੇ ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ
ਮੰਡੀ ਗੋਬਿੰਦਗੜ੍ਹ: ਗਾਂਧੀ ਮੈਮੋਰੀਅਲ ਨੈਚਰੋਪੈਥੀ ਕਮੇਟੀ ਨਵੀਂ ਦਿੱਲੀ, ਨੈਚਰੋਪੈਥੀ ਯੋਗ ਆਯੁਰਵੇਦ ਵਿਗਿਆਨ ਕਮੇਟੀ, ਮੁਹਾਲੀ ਅਤੇ ਵਰਦਾਨ ਨੈਚਰੋਪੈਥੀ ਅਤੇ ਯੋਗ ਇੰਸਟੀਚਿਊਟ, ਚੰਡੀਗੜ੍ਹ ਦੀ ਅਗਵਾਈ ਹੇਠ ਮਾਤਾ ਮਨਸਾ ਦੇਵੀ ਚੈਰੀਟੇਬਲ ਟਰੱਸਟ ਪੰਚਕੂਲਾ ਵਿੱਚ ਕਨਵੋਕੇਸ਼ਨ ਸਮਾਰੋਹ ਕਰਵਾਇਆ ਗਿਆ। ਇਸ ਵਿੱਚ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਨੇ ਮੁੱਖ-ਮਹਿਮਾਨ ਵਜੋਂ 122 ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ। ਉਨ੍ਹਾਂ ਵਧਾਈ ਦਿੰਦਿਆਂ ਕਿਹਾ ਕਿ ਕੁਦਰਤੀ ਇਲਾਜ ਸਿਹਤਮੰਦ ਜੀਵਨ ਜਿਉਣ ਦੀ ਇੱਕ ਕਲਾ ਅਤੇ ਵਿਗਿਆਨ ਹੈ। ਸਾਨੂੰ ਸਿਹਤਮੰਦ ਰਹਿਣ ਲਈ ਇਸ ਨੂੰ ਸਿਖਣਾ ਜ਼ਰੂਰੀ ਹੈ। -ਨਿੱਜੀ ਪੱਤਰ ਪ੍ਰੇਰਕ
ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਦੀਵਾਨ ਹਾਲ ਦੀ ਨੀਂਹ ਰੱਖੀ
ਐੱਸਏਐੱਸ ਨਗਰ (ਮੁਹਾਲੀ): ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਦੇ ਸ਼ਹੀਦੀ ਅਸਥਾਨ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਆਸ਼ੀਰਵਾਦ ਸਦਕਾ ਸੰਗਤ ਦੀ ਸਹੂਲਤ ਲਈ ਬੇਸਮੈਂਟ ਸਣੇ ਦੀਵਾਨ ਹਾਲ ਦੀ ਉਸਾਰੀ ਕੀਤੀ ਜਾ ਰਹੀ ਹੈ। ਅੱਜ ਦੀ ਸ਼ੁਰੂਆਤ ੋਂ ਪਹਿਲਾਂ ਸਹਿਜ ਪਾਠ ਦੇ ਭੋਗ ਪਾਏ ਗਏ। ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਬਾਬਾ ਪਰਮਜੀਤ ਸਿੰਘ ਮੁੱਖ ਸੇਵਾਦਾਰ ਹੰਸਾਲੀ ਸਾਹਿਬ ਵਾਲਿਆਂ ਨੇ ਨੀਂਹ ਪੱਥਰ ਰੱਖਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਹਰਜਿੰਦਰ ਸਿੰਘ ਅਤੇ ਸਤਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਅਤਿ-ਆਧੁਨਿਕ ਸਹੂਲਤਾਂ ਵਾਲਾ ਇਹ ਦੀਵਾਨ ਹਾਲ ਬੇਸਮੈਂਟ ਸਮੇਤ 150 ਫੁੱਟ ਲੰਬਾਈ ਅਤੇ 130 ਫੁੱਟ ਚੌੜਾ ਬਣਾਇਆ ਜਾ ਰਿਹਾ ਹੈ। -ਪੱਤਰ ਪ੍ਰੇਰਕ
ਬਾਬਾ ਵਰਿਆਮ ਸਿੰਘ ਸਕੂਲ ਦੇ ਮੋਹਰੀ ਵਿਦਿਆਰਥੀ ਸਨਮਾਨੇ
ਬਨੂੜ: ਸੰਤ ਬਾਬਾ ਵਰਿਆਮ ਸਿੰਘ ਜੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਬਨੂੜ ਦੇ ਬਾਰ੍ਹਵੀਂ ਵਿੱਚੋਂ ਮੋਹਰੀ ਰਹੇ ਵਿਦਿਆਰਥੀਆਂ ਦਾ ਸਕੂਲ ਪ੍ਰਬੰਧਕ ਬਾਬਾ ਗੁਰਦੇਵ ਸਿੰਘ ਵੱਲੋਂ ਸਨਮਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬਾਰ੍ਹਵੀਂ ਮੈਡੀਕਲ ਵਿੱਚੋਂ ਸਿਮਰਨਜੋਤ ਕੌਰ ਤੇ ਕਿਰਨਦੀਪ ਕੌਰ ਨੇ 500 ਵਿੱਚੋਂ 477 ਅੰਕਾਂ ਨਾਲ ਪਹਿਲਾ ਤੰਗੌਰੀ ਦੀ ਦੀਪਇੰਦਰ ਕੌਰ ਨੇ ਦੂਜਾ ਅਤੇ ਟਿਵਾਣਾ ਦੀ ਨਵਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਆਰਟਸ ’ਚ ਹਰਜੀਵਣ ਕੌਰ ਨੇ ਪਹਿਲਾ, ਹਰਿਸ਼ਟ ਕੌਰ ਢੇਲਪੁਰ ਨੇ ਦੂਜਾ, ਪਹੁਸਨਪ੍ਰੀਤ ਕੌਰ ਕਰਾਲਾ ਨੇ ਤੀਜਾ ਸਥਾਨ ਹਾਸਲ ਕੀਤਾ। ਕਾਮਰਸ ਵਿਭਾਗ ਵਿਚ ਖੇੜੀ ਦੀ ਸਿਮਰਨਜੀਤ ਕੌਰ ਨੇ ਪਹਿਲਾ ਤੇ ਤੇਜਿੰਦਰ ਕੌਰ ਮਾਣਕਪੁਰ ਕੱਲਰ ਨੇ ਦੂਜਾ ਤੇ ਅਮਨਪ੍ਰੀਤ ਕੌਰ ਖੇੜੀ ਨੇ ਤੀਜਾ ਸਥਾਨ ਹਾਸਲ ਕੀਤਾ। -ਪੱਤਰ ਪ੍ਰੇਰਕ
ਸੰਸਦ ਮੈਂਬਰ ਸੰਧੂ ਵੱਲੋਂ ਸੈਨੇਟਰੀ ਵੇਅਰਜ਼ ਸ਼ੋਅਰੂਮ ਦਾ ਦੌਰਾ
ਖਰੜ: ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਖਰੜ ਵਿੱਚ ਵਿਨੋਦ ਕਪੂਰ ਅਤੇ ਉਨ੍ਹਾਂ ਦੇ ਪੁੱਤਰ ਮੋਹਨੀਸ਼ ਕਪੂਰ ਵੱਲੋਂ ਬਣਾਏ ਜੈਗੁਆਰ ਦੇ ਸੈਨੇਟਰੀ ਵੇਅਰਜ਼ ਸ਼ੋਅਰੂਮ ਦਾ ਦੌਰਾ ਕੀਤਾ। ਸ਼ੋਅਰੂਮ ਦਾ ਉਦਘਾਟਨ ਭਲਕੇ ਕੀਤਾ ਜਾਣਾ ਹੈ। ਸ੍ਰੀ ਸੰਧੂ ਨੇ ਇਸ ਤਿੰਨ ਮੰਜ਼ਿਲਾਂ ਸ਼ੋਅਰੂਮ ਨੂੰ ਦੇਖ ਕੇ ਕਿਹਾ ਕਿ ਇਹ ਚੰਡੀਗੜ੍ਹ ਨਾਲੋਂ ਕਿਸੇ ਪੱਖ ਤੋਂ ਘੱਟ ਨਹੀਂ ਹੈ। ਉਨ੍ਹਾਂ ਵਿਨੋਦ ਕਪੂਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ। ਇਸ ਮੌਕੇ ਕਮਲਦੀਪ ਟਿਵਾਣਾ, ਹਿੰਮਤ ਸਿੰਘ ਦੇਸੂਮਾਜਰਾ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ