ਸਿੱਧੂ ਵੱਲੋਂ ਮੁਹਾਲੀ ਦੇ ਬੀਡੀਪੀਓ ਨੂੰ ਮੁਅੱਤਲ ਕਰ ਕੇ ਜਾਂਚ ਦੀ ਮੰਗ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 1 ਜੁਲਾਈ
ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਮੁਹਾਲੀ ਬਲਾਕ ਵਿੱਚ ਤਾਇਨਾਤ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਧਨਵੰਤ ਸਿੰਘ ਰੰਧਾਵਾ ਨੂੰ ਤੁਰੰਤ ਮੁਅੱਤਲ ਕਰ ਕੇ ਉਸ ਵੱਲੋਂ ਹਲਕੇ ਦੇ ਪਿੰਡਾਂ ਵਿੱਚ ਕੀਤੇ ਪੰਚਾਇਤੀ ਚੋਣਾਂ ਸਮੇਂ ਪ੍ਰਬੰਧਕਾਂ ਰਾਹੀਂ ਪੰਚਾਇਤੀ ਫੰਡਾਂ ਵਿੱਚ ਕੀਤੇ ਕਥਿਤ ਘਪਲਿਆਂ ਦੀ ਉੱਚ ਪੱਧਰੀ ਜਾਂਚ ਕਰਾਈ ਜਾਵੇ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬੀਡੀਪੀਓ ਧਨਵੰਤ ਰੰਧਾਵਾ ਨੇ ਮੈਟੀਕਿਊਲਸ ਐਂਟਰਪ੍ਰਾਈਜ਼ ਨੂੰ ਪਿੰਡ ਬਾਕਰਪੁਰ ਦੇ ਛੱਪੜ ਦੀ ਸਫ਼ਾਈ, ਸੁੰਦਰੀਕਰਨ ਤੇ ਨਵੀਨੀਕਰਨ ਕਰਨ ਬਦਲੇ 13 ਲੱਖ ਰੁਪਏ ਦੀ ਰਕਮ ਦਾ ਭੁਗਤਾਨ ਕੀਤਾ ਜਦੋਂਕਿ ਉੱਥੇ ਕੋਈ ਕੰਮ ਨਹੀਂ ਹੋਇਆ। ਪਿੰਡ ਕੁਰੜਾ ਵਿੱਚ ਕੂੜੇ ਦੇ ਨਿਬੇੜੇ ਲਈ ਸ਼ੈੱਡ ਉਸਾਰੀ ਲਈ 1,72,406 ਰੁਪਏ ਕਢਵਾਏ ਪਰ ਸ਼ੈੱਡ ਨਹੀਂ ਬਣਾਇਆ।
ਉਨ੍ਹਾਂ ਕਿਹਾ ਕਿ ਬੀਡੀਪੀਓ ਖ਼ਿਲਾਫ਼ ਪਿੰਡ ਕੁਰੜਾ ਦੇ ਸਾਬਕਾ ਸਰਪੰਚ ਦਵਿੰਦਰ ਸਿੰਘ ਤੋਂ ਰਿਸ਼ਵਤ ਲੈਣ ਦੇ ਦੋਸ਼ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਹਾਲੀ ਦੇ ਵਿਜੀਲੈਂਸ ਥਾਣੇ ’ਚ 5 ਮਾਰਚ 2025 ਨੂੰ ਕੇਸ ਨੰਬਰ 4 ਦਰਜ ਹੋਇਆ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਲਟਾ, ਸਾਬਕਾ ਸਰਪੰਚ ਦਵਿੰਦਰ ਸਿੰਘ ਉੱਤੇ ਮੁਹਾਲੀ ਦੇ ਐਰੋਸਿਟੀ ਥਾਣੇ ਵਿੱਚ ਲੰਘੀ 3 ਜੂਨ ਨੂੰ ਨਾਜ਼ਾਇਜ ਮਾਈਨਿੰਗ ਦਾ ਕਥਿਤ ਝੂਠਾ ਕੇਸ ਦਰਜ ਕਰਵਾ ਦਿੱਤਾ।
ਸ੍ਰੀ ਸਿੱਧੂ ਨੇ ਕਿਹਾ ਕਿ ਬੀਡੀਪੀਓ ਖ਼ਿਲਾਫ਼ ਜਾਅਲੀ ਦਸਤਾਵੇਜ਼ ਬਣਾਉਣ ਦੇ ਮਾਮਲੇ ਵਿੱਚ ਖੰਨਾ ਦੇ ਸਦਰ ਥਾਣੇ ਵਿੱਚ ਵੀ ਕੇਸ ਦਰਜ ਹੈ। ਮੁਹਾਲੀ ਦੇ ਡੀਡੀਪੀਓ ਬਲਜਿੰਦਰ ਸਿੰਘ ਗਰੇਵਾਲ ਵੱਲੋਂ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਪਰ ਬੀਡੀਪੀਓ ਖ਼ਿਲਾਫ਼ ਕੋਈ ਕਾਰਵਾਈ ਕਰਨ ਦੀ ਥਾਂ ਡੀਡੀਪੀਓ ਮੁਹਾਲੀ ਨੂੰ ਹੀ ਬਦਲ ਦਿੱਤਾ। ਉਨ੍ਹਾਂ ਕਿਹਾ ਕਿ ਬੀਡੀਪੀਓ ਹਲਕਾ ਵਿਧਾਇਕ ਦੀ ਕਠਪੁਤਲੀ ਬਣ ਕੇ ਕੰਮ ਕਰ ਰਿਹਾ ਹੈ ਤੇ ਭ੍ਰਿਸ਼ਟਾਚਾਰ ਕਰ ਰਿਹਾ ਹੈ। ਇਸ ਮੌਕੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਦਵਿੰਦਰ ਸਿੰਘ ਸਾਬਕਾ ਸਰਪੰਚ ਪਿੰਡ ਕੁਰੜਾ ਵੀ ਹਾਜ਼ਰ ਸਨ।
ਸਾਰੇ ਦੋਸ਼ ਬੇਬੁਨਿਆਦ: ਬੀਡੀਪੀਓ
ਬੀਡੀਪੀਓ ਮੁਹਾਲੀ ਧਨਵੰਤ ਸਿੰਘ ਰੰਧਾਵਾ ਨੇ ਬਲਬੀਰ ਸਿੱਧੂ ਵੱਲੋਂ ਲਗਾਏ ਦੋਸ਼ਾਂ ਨੂੰ ਖ਼ਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ’ਚ ਕੰਮ ਪੰਚਾਇਤਾਂ ਨੇ ਕਰਾਉਣੇ ਹੁੰਦੇ ਹਨ ਅਤੇ ਉਨ੍ਹਾਂ ਦਾ ਇਸ ਵਿੱਚ ਕੋਈ ਦਖ਼ਲ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਬਾਕਰਪੁਰ, ਕੁਰੜਾ ਆਦਿ ਵਿੱਚ ਅਦਾਇਗੀਆਂ ਪੰਚਾਇਤ ਪੱਧਰ ’ਤੇ ਹੋਈਆਂ ਹਨ। ਖੰਨਾ ਵਿੱਚ ਦਰਜ ਕੇਸ ’ਚ ਉਹ ਬੇਕਸੂਰ ਸਾਬਿਤ ਹੋ ਚੁੱਕੇ ਹਨ। ਕੁਰੜਾ ਦੇ ਸਾਬਕਾ ਸਰਪੰਚ ਦਵਿੰਦਰ ਸਿੰਘ ਖ਼ਿਲਾਫ਼ ਕਈ ਪੜਤਾਲਾਂ ਪੁਰਾਣੀਆਂ ਚੱਲ ਰਹੀਆਂ ਸਨ। ਉਨ੍ਹਾਂ ਕਿਹਾ ਕਿ ਡੀਡੀਪੀਓ ਦੀ ਸ਼ਿਕਾਇਤ ਉੱਤੇ ਵੀ ਕਮੇਟੀ ਪੜਤਾਲ ਕਰ ਚੁੱਕੀ ਹੈ ਅਤੇ ਕੋਈ ਵੀ ਦੋਸ਼ ਸਾਬਿਤ ਨਹੀਂ ਹੋਇਆ।