ਅੱਧੀ ਰਾਤ ਨੂੰ ਸਟੋਨ ਕਰੱਸ਼ਰ ’ਤੇ ਗੋਲੀਆਂ ਚਲਾਈਆਂ
ਇੱਥੋਂ ਨਜ਼ਦੀਕੀ ਪਿੰਡ ਸੈਦਪੁਰ ਸਥਿਤ ਗੋਲਡਨ ਸਟੋਨ ਕਰੱਸ਼ਰ ’ਤੇ ਰਾਤ 12 ਵਜੇ ਦੇ ਕਰੀਬ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ਼ ਪੁਲੀਸ ਚੌਕੀ ਕਲਵਾਂ ਮੌੜ ਵਿੱਚ ਕੇਸ ਦਰਜ ਕੀਤਾ ਗਿਆ ਹੈ। ਐੱਫਆਰਆਈ ਮੁਤਾਬਕ ਗੁਰਦੀਪ ਸਿੰਘ ਅਤੇ ਬਲਜਿੰਦਰ ਸਿੰਘ ਰਾਤ 12 ਵਜੇ ਦੇ ਕਰੀਬ ਆਪਣੇ ਸਟੋਨ ਕਰੱਸ਼ਰ ’ਤੇ ਕੰਮ ਕਰ ਰਹੇ ਸਨ। ਛੇ ਦੇ ਕਰੀਬ ਕਾਰਾਂ ਵਿੱਚ ਆਏ ਦੋ ਦਰਜਨ ਦੇ ਕਰੀਬ ਹਥਿਅਰਬੰਦਾਂ ਨੇ ਅਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੁਰਦੀਪ ਸਿੰਘ ਤੇ ਬਲਜਿੰਦਰ ਸਿੰਘ ਨੇ ਆਪਣੇ ਬਚਾਅ ਲਈ ਹਮਲਾਵਰਾਂ ’ਤੇ ਪੱਥਰ ਸੁੱਟੇ। ਗੁਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਲੁਕ ਕੇ ਜਾਨ ਬਚਾਈ। ਉਨ੍ਹਾਂ ਕਿਹਾ ਕਿ ਅਜਵਿੰਦਰ ਸਿੰਘ ਨੇ ਪਹਿਲਾਂ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਫਿਰ ਗੋਲੀਆਂ ਚਲਾ ਦਿੱਤੀਆਂ। ਗੁਰਦੀਪ ਸਿੰਘ ਦੇ ਬਿਆਨਾਂ ’ਤੇ ਪੁਲੀਸ ਨੇ ਅਜਵਿੰਦਰ ਸਿੰਘ ਬੇਈਹਾਰਾ, ਜਸਵਿੰਦਰ ਸਿੰਘ ਗੋਲਡੀ, ਜਸ਼ਨਦੀਪ ਸਿੰਘ, ਦਲਜੀਤ ਸਿੰਘ, ਲਵਪ੍ਰੀਤ ਸਿੰਘ, ਸੰਨੀ, ਕਰਮਜੀਤ ਸਿੰਘ, ਹਰਮੇਲ ਸਿੰਘ, ਹਰਜੀਤ ਸਿੰਘ ਬੇਈਹਾਰਾ ਤੇ ਹੋਰ 12, 13 ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।
ਪੰਚਾਇਤੀ ਜ਼ਮੀਨ ਵਿੱਚ ਖਣਨ ਤੋਂ ਝਗੜਾ
ਗੋਲੀਆਂ ਚੱਲਣ ਦਾ ਕਾਰਨ ਪਿੰਡ ਬੇਈਹਾਰਾ ਪੰਚਾਇਤ ਦੀ ਜ਼ਮੀਨ ਵਿੱਚ ਹੋ ਰਹੀ ਖਨਣ ਹੈ। ਅਜਵਿੰਦਰ ਸਿੰਘ ਵੱਲੋਂ ਪੰਚਾਇਤੀ ਜ਼ਮੀਨ ਵਿੱਚੋਂ ਕੱਚਾ ਮਾਲ ਚੁੱਕਿਆ ਜਾ ਰਿਹਾ ਹੈ। ਇਸ ਦਾ ਪਿੰਡ ਦੇ ਲੋਕਾਂ ਵੱਲੋਂ ਵੀ ਵਿਰੋਧ ਕੀਤਾ ਗਿਆ। ਉਧਰ ਵਿਰੋਧੀ ਧੜੇ ਵੱਲੋਂ ਗੋਲਡ ਸਟੋਨ ਕਰੱਸ਼ਰ ਵਾਲਿਆਂ ਨੂੰ ਵੀ ਪੰਚਾਇਤੀ ਜ਼ਮੀਨ ਵਿੱਚੋਂ ਮਾਲ ਚੁੱਕਣ ਲਈ ਇਜਾਜ਼ਤ ਦਿੱਤੀ ਗਈ ਜਿਸ ਕਰ ਕੇ ਇਹ ਗੱਲ ਵਧੀ। ਅਜਵਿੰਦਰ ਸਿੰਘ ਨੇ ਚਾਰ ਦਿਨ ਪਹਿਲਾਂ ਗੋਲਡਨ ਕਰੱਸ਼ਰ ’ਤੇ ਕੇਸ ਦਰਜ ਕਰਵਾਇਆ ਸੀ।