ਮੁਹਾਲੀ ਖੇਤਰ ’ਚ ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਘਾਟ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 29 ਜੂਨ
ਮੁਹਾਲੀ ਖੇਤਰ ਵਿੱਚ ਕੱਲ੍ਹ ਸ਼ਾਮ ਅਤੇ ਅੱਜ ਸਵੇਰੇ ਪਏ ਮੀਂਹ ਮਗਰੋਂ ਝੋਨੇ ਦੀ ਲਵਾਈ ਲਈ ਕਿਸਾਨਾਂ ਨੇ ਤਿਆਰੀ ਖਿੱਚ ਦਿੱਤੀ ਹੈ। ਮੀਂਹ ਦੇ ਪਾਣੀ ਨਾਲ ਭਰੇ ਹੋਏ ਖੇਤਾਂ ਨੂੰ ਝੋਨੇ ਲਈ ਤਿਆਰ ਕਰਨ ਲਈ ਕਿਸਾਨ ਕੱਦੂ ਕਰਦੇ ਦੇਖੇ ਗਏ। ਪਹਿਲਾਂ ਲੱਗੇ ਹੋਏ ਝੋਨੇ ਅਤੇ ਹੋਰ ਫ਼ਸਲਾਂ ਲਈ ਵੀ ਮੀਂਹ ਫ਼ਾਇਦੇਮੰਦ ਦੱਸਿਆ ਜਾ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਇਲਾਕੇ ’ਚ ਝੋਨੇ ਦੀ ਲਵਾਈ ਹੱਥਾਂ ਨਾਲ ਕੀਤੀ ਜਾਂਦੀ ਹੈ ਪਰ ਇਸ ਵਰ੍ਹੇ ਪਰਵਾਸੀ ਮਜ਼ਦੂਰਾਂ ਦੀ ਘਾਟ ਹੈ। ਹੁਣ ਮੀਂਹ ਨਾਲ ਖੇਤ ਤਾਂ ਤਿਆਰ ਹੋ ਗਏ ਹਨ ਪਰ ਮਜ਼ਦੂਰ ਨਹੀਂ ਮਿਲ ਰਹੇ। ਮੁਹਾਲੀ ਦੇ ਫੇਜ਼ ਤਿੰਨ, ਪੰਜ, ਸੈਕਟਰ 70 ਅਤੇ ਕਈ ਹੋਰਨਾਂ ਸੜਕਾਂ ’ਤੇ ਬਾਰਸ਼ ਦੌਰਾਨ ਪਾਣੀ ਦਾ ਠੀਕ ਨਿਕਾਸ ਨਾ ਹੋਣ ਕਾਰਨ ਰਾਹਗੀਰ ਅਤੇ ਖ਼ੁਆਰ ਹੁੰਦੇ ਦੇਖੇ ਗਏ। ਕਈ ਸੜਕਾਂ ਉੱਤੇ ਬੀਤੀ ਰਾਤ ਮੀਂਹ ਕਾਰਨ ਜਾਮ ਵਰਗੀ ਸਥਿਤੀ ਵੀ ਬਣੀ ਰਹੀ। ਸੈਕਟਰ-76 ਤੋਂ 80 ਦੀਆਂ ਕਈ ਸੜਕਾਂ ਉੱਤੇ ਵੀ ਅੱਜ ਦੁਪਹਿਰ ਤੱਕ ਪਾਣੀ ਖੜ੍ਹਿਆ ਨਜ਼ਰ ਆਇਆ। ਪਿੰਡ ਸੁਖਗੜ੍ਹ ਨੇੜਲੇ ਸੈਕਟਰਾਂ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਪਿੰਡ ਨੂੰ ਜਾਂਦੀ ਸੜਕ ਉੱਤੇ ਹੀ ਸਾਰਾ ਪਾਣੀ ਇਕੱਤਰ ਹੋ ਗਿਆ।