ਮੁਹਾਲੀ ਦੇ ਫੇਜ਼-7 ਵਿੱਚ ਬੀਤੀ ਰਾਤ ਲਗਪਗ ਸਾਢੇ 12 ਵਜੇ ਮੋਟਰਸਾਈਕਲ ’ਤੇ ਦੋ ਨੌਜਵਾਨਾਂ ਨੇ ਕੋਠੀ ਨੰਬਰ 945 ਬਾਹਰ ਗੋਲੀਆਂ ਚਲਾ ਦਿੱਤੀਆਂ। ਇਹ ਕੋਠੀ ਸਿੰਜਾਈ ਵਿਭਾਗ ਤੋਂ ਸੇਵਾਮੁਕਤ ਸੁਪਰਡੈਂਟ ਮਨਿੰਦਰ ਸਿੰਘ ਸੋਢੀ ਦੀ ਹੈ। ਇਸ ਦੌਰਾਨ ਲਗਪਗ 35 ਫਾਇਰ ਕੀਤੇ ਗਏ, ਜਿਸ ਨਾਲ ਘਰ ਬਾਹਰ ਖੜ੍ਹੀਆਂ ਤਿੰਨ ਕਾਰਾਂ ਨੁਕਸਾਨੀਆਂ ਗਈਆਂ ਹਨ। ਘਰ ਦੇ ਗੇਟ ’ਤੇ ਵੀ ਗੋਲੀਆਂ ਵੱਜੀਆਂ।
ਘਟਨਾ ਸੀ ਸੀ ਟੀ ਵੀ ਕੈਮਰੇ ਵਿਚ ਵੀ ਕੈਦ ਹੋ ਗਈ ਜਿਸ ਵਿੱਚ ਉਹ ਪਿਸਤੌਲ ਵਿਚ ਗੋਲੀਆਂ ਲੋਡ ਕਰਦੇ ਵੀ ਨਜ਼ਰ ਆ ਰਹੇ ਹਨ। ਗੋਲੀਆਂ ਚੱਲਣ ਕਾਰਨ ਇਲਾਕੇ ਦਹਿਸ਼ਤ ਦਾ ਮਾਹੌਲ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਤੇ ਨਾ ਹੀ ਉਨ੍ਹਾਂ ਨੂੰ ਕਦੇ ਕੋਈ ਧਮਕੀ ਮਿਲੀ ਹੈ। ਮਕਾਨ ਮਾਲਕ ਵਲੋਂ ਇਸ ਵਾਰਦਾਤ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਜਿਸ ਤੇ ਥਾਣਾ ਮਟੌਰ ਦੇ ਮੁਖੀ ਇੰਸਪੈਕਟਰ ਅਮਨਦੀਪ ਕੰਬੋਜ ਦੀ ਅਗਵਾਈ ਹੇਠ ਤੁਰੰਤ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਡੀ ਐੱਸ ਪੀ ਪ੍ਰਿਥਵੀ ਸਿੰਘ ਚਹਿਲ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਮਟੌਰ ਪੁਲੀਸ ਥਾਣੇ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਕਾਲਾ ਰਾਣਾ ਗੈਂਗ ਦੀ ਜ਼ਿੰਮੇਵਾਰੀ ਵਾਲੀ ਪਰਚੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮਾਂ ਬਣਾ ਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲੀਸ ਨੇ 25 ਦੇ ਕਰੀਬ ਗੋਲੀਆਂ ਚੱਲਣ ਦੀ ਪੁਸ਼ਟੀ ਕੀਤੀ ਹੈ। ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਪਰਿਵਾਰ ਨਾਲ ਗੱਲਬਾਤ ਕੀਤੀ। ਉਨ੍ਹਾਂ ਮੁਹਾਲੀ ਸ਼ਹਿਰ ਦੀ ਲਗਾਤਾਰ ਨਿੱਘਰਦੀ ਜਾ ਰਹੀ ਅਮਨ ਕਾਨੂੰਨ ਦੀ ਹਾਲਤ ਤੇ ਚਿੰਤਾ ਪ੍ਰਗਟ ਕੀਤੀ।

