ਬਿਜਲੀ ਖਪਤਕਾਰਾਂ ਨੂੰ ਝਟਕਾ
ਚੰਡੀਗੜ੍ਹ ਦੇ ਬਿਜਲੀ ਵਿਭਾਗ ਦਾ ਨਿੱਜੀਕਰਨ ਹੋਣ ਤੋਂ ਬਾਅਦ ਬਿਜਲੀ ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਵੀ ਸ਼ੁਰੂ ਹੋ ਗਿਆ ਹੈ। ਇਹ ਵਾਧਾ ਅਗਲੇ ਪੰਜ ਸਾਲ ਤੱਕ (ਵਿੱਤ ਵਰ੍ਹੇ 2025-26 ਤੋਂ 2029-30) ਤੱਕ ਲਗਾਤਾਰ ਜਾਰੀ ਰਹੇਗੀ। ਇਸ ਸਾਲ ਚੰਡੀਗੜ੍ਹ ਵਿੱਚ ਬਿਜਲੀ...
ਚੰਡੀਗੜ੍ਹ ਦੇ ਬਿਜਲੀ ਵਿਭਾਗ ਦਾ ਨਿੱਜੀਕਰਨ ਹੋਣ ਤੋਂ ਬਾਅਦ ਬਿਜਲੀ ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਵੀ ਸ਼ੁਰੂ ਹੋ ਗਿਆ ਹੈ। ਇਹ ਵਾਧਾ ਅਗਲੇ ਪੰਜ ਸਾਲ ਤੱਕ (ਵਿੱਤ ਵਰ੍ਹੇ 2025-26 ਤੋਂ 2029-30) ਤੱਕ ਲਗਾਤਾਰ ਜਾਰੀ ਰਹੇਗੀ। ਇਸ ਸਾਲ ਚੰਡੀਗੜ੍ਹ ਵਿੱਚ ਬਿਜਲੀ ਦੀਆਂ ਕੀਮਤਾਂ ਵਿੱਚ ਇਕ ਫ਼ੀਸਦ ਦਾ ਵਾਧਾ ਕੀਤਾ ਗਿਆ ਹੈ, ਜਦੋਂ ਕਿ ਅਗਲੇ ਪੰਜ ਸਾਲਾਂ ਤੱਕ ਹਰੇਕ ਸਾਲ ਬਿਜਲੀ ਦੀਆਂ ਕੀਮਤਾਂ ਵਿੱਚ 2 ਫ਼ੀਸਦ ਤੱਕ ਦਾ ਵਾਧਾ ਕੀਤਾ ਜਾਵੇਗਾ। ਇਹ ਵਾਧਾ ਪਹਿਲੀ ਨਵੰਬਰ ਤੋਂ ਲਾਗੂ ਹੋ ਜਾਵੇਗਾ। ਬਿਜਲੀ ਦੀਆਂ ਨਵੀਆਂ ਦਰਾਂ ਨੂੰ ਚੰਡੀਗੜ੍ਹ ਪਾਵਰ ਡਿਸਟਰੀਬਿਊਸ਼ਨ ਲਿਮਟਿਡ (ਸੀ ਪੀ ਡੀ ਐੱਲ) ਦੀ ਅਪੀਲ ’ਤੇ ਸੰਯੁਕਤ ਬਿਜਲੀ ਰੈਲੂਲੇਟਰੀ ਕਮਿਸ਼ਨ (ਜੇ ਈ ਆਰ ਸੀ) ਨੇ ਪ੍ਰਵਾਨਗੀ ਦੇ ਦਿੱਤੀ ਹੈ। ਸੀ ਪੀ ਡੀ ਐੱਲ ਨੇ ਜੇ ਈ ਆਰ ਸੀ ਕੋਲ ਅਗਲੇ ਪੰਜ ਸਾਲਾਂ ਦਾ ਬਿਜਲੀ ਸਪਲਾਈ ਦਾ ਰੋਡਮੈਪ ਪੇਸ਼ ਕਰਦਿਆਂ ਬਿਜਲੀ ਦਰਾਂ ਵਿੱਚ 7.57 ਫ਼ੀਸਦ ਵਾਧੇ ਦੀ ਮੰਗ ਕੀਤੀ ਸੀ, ਪਰ ਜੇ ਈ ਆਰ ਸੀ ਨੇ ਇਕ-ਦਮ ਕੀਮਤਾਂ ਵਧਾਉਣ ਦੀ ਥਾਂ ਅਗਲੇ ਪੰਜ ਸਾਲਾਂ ਵਿੱਚ ਬਿਜਲੀ ਦੀਆਂ ਟੁੱਟਵੀਆਂ ਕੀਮਤਾਂ ਵਧਾ ਦਿੱਤੀਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਸੀ ਪੀ ਡੀ ਐੱਲ ਨੇ ਵਿੱਤ ਵਰ੍ਹੇ 2025-26 ਲਈ ਫੇਜ਼-2 ਦੀ ਬਿਜਲੀ ਸਪਲਾਈ ਵਾਲੇ ਰਿਹਾਇਸ਼ੀ ਖਪਤਕਾਰਾਂ ਦੀ ਪਹਿਲੇ 100 ਯੂਨਿਟ ਲਈ ਬਿਜਲੀ ਦੀ ਕੀਮਤ 2.75 ਰੁਪਏ ਤੋਂ ਵਧਾ ਕੇ 2.80 ਰੁਪਏ ਪ੍ਰਤੀ ਯੂਨਿਟ ਕਰ ਦਿੱਤੀ ਹੈ। ਇਸੇ ਤਰ੍ਹਾਂ 101-200 ਯੂਨਿਟ ਤੱਕ ਦੀ ਕੀਮਤ 3.75 ਪ੍ਰਤੀ ਯੂਨਿਟ, 201-300 ਯੂਨਿਟ ਤੱਕ 4.80 ਰੁਪਏ ਪ੍ਰਤੀ ਯੂਨਿਟ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ 301 ਤੋਂ 400 ਯੂਨਿਟ ਤੱਕ ਦੀ ਕੀਮਤ 5 ਰੁਪਏ ਪ੍ਰਤੀ ਯੂਨਿਟ ਅਤੇ 400 ਯੂਨਿਟਾਂ ਤੋਂ ਉੱਪਰ ਦੀ ਕੀਮਤ 5.40 ਰੁਪਏ ਪ੍ਰਤੀ ਯੂਨਿਟ ਕਰ ਦਿੱਤੀ ਹੈ।
ਇਸੇ ਤਰ੍ਹਾਂ ਬਿਜਲੀ ਵਿਭਾਗ ਨੇ ਗੈਰ-ਘਰੇਲੂ ਖਪਤਕਾਰਾਂ ਨੂੰ ਸਪਲਾਈ ਕੀਤੀ ਜਾਣ ਵਾਲੇ ਖਪਤਕਾਰਾਂ ਨੂੰ ਪਹਿਲੇ 100 ਯੂਨਿਟਾਂ ਲਈ ਬਿਜਲੀ ਦੀ ਕੀਮਤ 4.55 ਰੁਪਏ ਪ੍ਰਤੀ ਯੂਨਿਟ ਕਰ ਦਿੱਤੀ ਹੈ। ਇਸ ਤੋਂ ਇਲਾਵਾ 101-200 ਯੂਨਿਟ ਤੱਕ ਬਿਜਲੀ ਦੀ ਕੀਮਤ 4.65 ਰੁਪਏ ਪ੍ਰਤੀ ਯੂਨਿਟ ਅਤੇ 200 ਯੂਨਿਟਾਂ ਤੋਂ ਉੱਪਰ ਦੀ ਕੀਮਤ 5.55 ਰੁਪਏ ਪ੍ਰਤੀ ਯੂਨਿਟ ਕਰ ਦਿੱਤੀ ਹੈ। ਇਸੇ ਤਰ੍ਹਾਂ ਗੈਰ ਘਰੇਲੂ ਖਪਤਕਾਰਾਂ ਲਈ ਫੇਜ਼-3 ਤਹਿਤ ਬਿਜਲੀ ਦਰਾਂ 6.60 ਰੁਪਏ ਪ੍ਰਤੀ ਯੂਨਿਟ ਫਲੈਟ ਕਰ ਦਿੱਤੀ ਹੈ।

