ਇੱਥੋਂ ਦੇ ਸੈਕਟਰ-38 ਵਿੱਚ 4.45 ਏਕੜ ਜ਼ਮੀਨ ਵਿੱਚ ਫੈਲੀ ਸ਼ਾਹਪੁਰ ਕਲੋਨੀ ਵਿੱਚ 300 ਤੋਂ ਵੱਧ ਝੁੱਗੀਆਂ-ਝੌਂਪੜੀਆਂ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਹਜ਼ਾਰ ਦੇ ਕਰੀਬ ਲੋਕ ਰਹਿ ਰਹੇ ਸਨ। ਅੱਜ ਯੂਟੀ ਪ੍ਰਸ਼ਾਸਨ ਨੇ ਸਵੇਰੇ ਸ਼ਹਿਰ ਦੀ ਆਖ਼ਰੀ ਝੁੱਗੀ-ਝੌਂਪੜ ਬਸਤੀ ਸ਼ਾਹਪੁਰ ਕਲੋਨੀ ਨੂੰ ਢਾਹ ਦਿੱਤਾ ਹੈ। ਪ੍ਰਸ਼ਾਸਨ ਦੀ ਟੀਮ ਨੇ ਅੱਜ ਸਵੇਰੇ 7 ਵਜੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪਹੁੰਚ ਕੇ ਝੁੱਗੀਆਂ ਢਾਹੁਣ ਦੀ ਕਾਰਵਾਈ ਸ਼ੁਰੂ ਕੀਤੀ ਤਾਂ ਲੋਕਾਂ ਵੱਲੋਂ ਮਾਮੂਲੀ ਵਿਰੋਧ ਕੀਤਾ ਗਿਆ। ਪ੍ਰਸ਼ਾਸਨ ਨੇ ਦੋ ਘੰਟਿਆਂ ਵਿੱਚ 300 ਤੋਂ ਵੱਧ ਝੁੱਗੀਆਂ ਨੂੰ ਢਾਹ ਦਿੱਤਾ। ਇਸ ਦੌਰਾਨ ਲੋਕਾਂ ਦੀਆਂ ਅੱਖਾਂ ਮੂਹਰੇ ਉਨ੍ਹਾਂ ਦੇ ਆਸ਼ਿਆਨੇ ਢਹਿ ਰਹੇ ਸਨ, ਜਿਸ ਨੂੰ ਦੇਖ ਕੇ ਲੋਕਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ।ਸ਼ਾਹਪੁਰ ਕਲੋਨੀ ਵਿਖੇ ਰਹਿਣ ਵਾਲੇ ਮਨੋਜ ਕੁਮਾਰ ਨੇ ਕਿਹਾ ਕਿ ਇਹ ਪਿਛਲੇ 36 ਸਾਲਾਂ ਤੋਂ ਇੱਥੇ ਰਹਿ ਰਿਹਾ ਹੈ, ਪ੍ਰਸ਼ਾਸਨ ਨੇ ਉਨ੍ਹਾਂ ਨੂੰ ਉਜਾੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਤਿਉਹਾਰਾਂ ਤੋਂ ਪਹਿਲਾਂ ਅਜਿਹੀ ਕਾਰਵਾਈ ਕਰ ਕੇ ਇੱਕ ਹਜ਼ਾਰ ਤੋਂ ਵੱਧ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ। ਪੁਸ਼ਪਾ ਰਾਣੀ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਗਰੀਬਾਂ ਨੂੰ ਬੇਘਰ ਕਰ ਦਿੱਤਾ ਹੈ, ਹੁਣ ਉਨ੍ਹਾਂ ਦੇ ਪਰਿਵਾਰਾਂ ਦੀ ਰਾਖੀ ਕੌਣ ਕਰੇਗਾ। ਉਨ੍ਹਾਂ ਕੋਲ ਰਹਿਣ ਨੂੰ ਕੋਈ ਟਿਕਾਣਾ ਨਹੀਂ ਹੈ ਅਤੇ ਨਾ ਹੀ ਪ੍ਰਸ਼ਾਸਨ ਨੇ ਉਨ੍ਹਾਂ ਦੇ ਮੁੜ ਵਸੇਬੇ ਦਾ ਕੋਈ ਪ੍ਰਬੰਧ ਕਰ ਕੇ ਦਿੱਤਾ ਹੈ। ਸ਼ਾਹਪੁਰ ਕਲੋਨੀ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਰਹਿਣ ਲਈ ਮਕਾਨਾਂ ਦਾ ਪ੍ਰਬੰਧ ਕਰਕੇ ਦਿੱਤਾ ਜਾਵੇ।ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਸ਼ਾਹਪੁਰ ਕਲੋਨੀ ਵਿੱਚ ਸਰਵੇਖਣ ਕਰਵਾਇਆ ਗਿਆ ਸੀ। ਇਸ ਦੌਰਾਨ ਪੁਰਾਣੇ ਸਮੇਂ ਤੋਂ ਰਹਿਣ ਵਾਲੇ ਲੋਕਾਂ ਦਾ ਮੁੜ ਵਸੇਬਾ ਕਰਨ ਲਈ ਮਕਾਨ ਮੁਹੱਈਆ ਕਰਵਾਏ ਗਏ ਹਨ। ਇਸ ਤਰ੍ਹਾਂ ਪ੍ਰਸ਼ਾਸਨ ਨੇ 250 ਕਰੋੜ ਰੁਪਏ ਦੀ 4.45 ਏਕੜ ਜ਼ਮੀਨ ਖਾਲੀ ਕਰਵਾਈ ਹੈ। ਚਾਰ ਮਕਾਨਾਂ ਨੂੰ ਮਿਲੀ ਰਾਹਤਸ਼ਾਹਪੁਰ ਕਲੋਨੀ ਵਿੱਚ ਯੂਟੀ ਪ੍ਰਸ਼ਾਸਨ ਵੱਲੋਂ 300 ਤੋਂ ਵੱਧ ਝੁੱਗੀਆਂ ਨੂੰ ਢਾਹ ਦਿੱਤਾ ਹੈ, ਪਰ ਪ੍ਰਸ਼ਾਸਨ 4 ਅਸਥਾਈ ਤੌਰ ’ਤੇ ਬਣੇ ਘਰਾਂ ਨੂੰ ਢਾਹੁਣ ਵਿੱਚ ਨਾਕਾਮ ਰਿਹਾ ਹੈ। ਇਨ੍ਹਾਂ ਚਾਰਾਂ ਘਰਾਂ ਦੇ ਲੋਕਾਂ ਵੱਲੋਂ ਅਦਾਲਤ ਦਾ ਦਰਵਾਜ਼ਾ ਖਟਖਟਾ ਕੇ ਸਟੇਅ ਲਈ ਹੋਈ ਸੀ, ਜਿਸ ਕਰਕੇ ਪ੍ਰਸ਼ਾਸਨ ਨੇ ਚਾਰ ਮਕਾਨ ਨਹੀਂ ਤੋੜੇ ਹਨ। ਉੱਧਰ ਪ੍ਰਸ਼ਾਸਨ ਵੱਲੋਂ ਨਾ ਤੋੜੇ ਜਾਣ ਵਾਲੇ ਮਕਾਨਾਂ ’ਤੇ ਕਾਲੇ ਰੰਗ ਨਾਲ ਕਾਟੇ ਦਾ ਨਿਸ਼ਾਨ ਲਾ ਦਿੱਤਾ ਤਾਂ ਜੋ ਉਨ੍ਹਾਂ ਮਕਾਨਾਂ ਦੀ ਨਿਸ਼ਾਨੀ ਰੱਖੀ ਜਾ ਸਕੇ।