ਤਨਖਾਹਾਂ ਨਾ ਮਿਲਣ ’ਤੇ ਸੀਵਰੇਜ ਵਿਭਾਗ ਦੇ ਕਾਮਿਆਂ ’ਚ ਰੋਸ
ਸੀਵਰੇਜ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸੁਰੇਸ਼ ਕੁਮਾਰ ਅਤੇ ਕੋਆਰਡੀਨੇਸ਼ਨ ਕਮੇਟੀ ਆਫ ਯੂਟੀ ਗੌਰਮਿੰਟ ਐਂਡ ਨਗਰ ਨਿਗਮ ਐਂਪਲਾਈਜ਼ ਤੇ ਵਰਕਰਜ਼ ਦੇ ਪ੍ਰਧਾਨ ਸਤਿੰਦਰ ਸਿੰਘ ਅਤੇ ਜਨਰਲ ਸਕੱਤਰ ਰਾਕੇਸ਼ ਕੁਮਾਰ ਨੇ ਕਿਹਾ ਕਿ ਨਗਰ ਨਿਗਮ ਨੂੰ ਬਜਟ ਮਿਲਣ ਦੇ ਬਾਵਜੂਦ, ਵਰਕਰਾਂ ਨੂੰ ਦੋ-ਤਿੰਨ ਮਹੀਨਿਆਂ ਤੋਂ ਤਨਖਾਹ ਨਾ ਮਿਲਣਾ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਕਿਹਾ ਕਿ ਛੇ ਮਹੀਨਿਆਂ ਤੋਂ ਸੜਕਾਂ ਅਤੇ ਗਲ਼ੀਆਂ ਦੀ ਸਫ਼ਾਈ ਲਈ ਰੱਖੇ ਗਏ 90 ਕਰਮਚਾਰੀਆਂ ਦੀ ਤਨਖਾਹ ਵੀ ਅਜੇ ਤੱਕ ਵੀ ਨਹੀਂ ਆਈ ਹੈ। ਨਗਰ ਨਿਗਮ ਦੇ ਅਧਿਕਾਰੀ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ ਨੂੰ ਵੀ ਅਣਗੌਲਿਆਂ ਕਰ ਰਹੇ ਹਨ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ 10 ਜੁਲਾਈ ਨੂੰ ਕੋਆਰਡੀਨੇਸ਼ਨ ਕਮੇਟੀ ਦੇ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਵਿੱਚ ਕਮਿਸ਼ਨਰ ਨੇ ਸਾਰੇ ਅਧਿਕਾਰੀਆਂ ਨੂੰ ਵਰਕਰਾਂ ਦੀ ਬਕਾਇਆ ਤਨਖਾਹ ਜਲਦੀ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਸਨ, ਪਰ ਅਜੇ ਤੱਕ ਵੀ ਤਨਖਾਹ ਨਹੀਂ ਮਿਲੀ ਹੈ।
ਲੀਡਰਸ਼ਿਪ ਨੇ ਐਲਾਨ ਕੀਤਾ ਕਿ ਜੇਕਰ ਡੀਸੀ ਰੇਟ ਜਲਦੀ ਜਾਰੀ ਨਾ ਕੀਤੇ ਗਏ ਤਾਂ 6 ਅਗਸਤ ਨੂੰ ਡੀਸੀ ਚੰਡੀਗੜ੍ਹ ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਹੜਤਾਲੀ ਕਾਮਿਆਂ ਨੂੰ ਨਰੇਸ਼ ਕੁਮਾਰ, ਰਾਹੁਲ ਵੈਦਿਆ, ਜਗਮੋਹਨ ਸਿੰਘ, ਹਰਭਜਨ ਸਿੰਘ, ਜਸਵੰਤ ਸਿੰਘ, ਰਾਜਿੰਦਰ ਕੁਮਾਰ, ਦੇਵੇਂਦਰ ਕੁਮਾਰ, ਨਵੀਨ, ਦੀਦਾਰ ਸਿੰਘ, ਇੰਦਰਜੀਤ ਸਿੰਘ, ਹਰਪ੍ਰੀਤ ਸਿੰਘ ਅਤੇ ਅਨੂਪ ਕੁਮਾਰ ਨੇ ਸੰਬੋਧਨ ਕੀਤਾ।