ਪੰਜਾਬੀ ਲਈ ਸੇਠ ਰਾਮ ਨਾਥ ਦਾ ਵੱਡਾ ਯੋਗਦਾਨ: ਹਰਵਿੰਦਰ
‘ਯੂਨਾਈਟਿਡ ਪੰਜਾਬੀ ਆਰਗੇਨਾਈਜੇਸ਼ਨ’ ਦਾ ਪਲੇਠਾ ਸਮਾਗਮ ਅੱਜ ਪੰਜਾਬ ਦਿਵਸ ਮੌਕੇ ਪੰਜਾਬੀ ਸੂਬੇ ਦੇ ਅਣਗੌਲੇ ਨਾਇਕ ਸੇਠ ਰਾਮ ਨਾਥ ਦੇ ਯੋਗਦਾਨ ਨੂੰ ਉਜਾਗਰ ਕਰਨ ਹਿੱਤ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਸੈਕਟਰ 28 ਵਿੱਚ ਕੀਤਾ ਗਿਆ। ਸੰਸਥਾ ਦੇ ਬਾਨੀ ਅਤੇ ਪੰਜਾਬੀ ਦੇ...
‘ਯੂਨਾਈਟਿਡ ਪੰਜਾਬੀ ਆਰਗੇਨਾਈਜੇਸ਼ਨ’ ਦਾ ਪਲੇਠਾ ਸਮਾਗਮ ਅੱਜ ਪੰਜਾਬ ਦਿਵਸ ਮੌਕੇ ਪੰਜਾਬੀ ਸੂਬੇ ਦੇ ਅਣਗੌਲੇ ਨਾਇਕ ਸੇਠ ਰਾਮ ਨਾਥ ਦੇ ਯੋਗਦਾਨ ਨੂੰ ਉਜਾਗਰ ਕਰਨ ਹਿੱਤ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਸੈਕਟਰ 28 ਵਿੱਚ ਕੀਤਾ ਗਿਆ।
ਸੰਸਥਾ ਦੇ ਬਾਨੀ ਅਤੇ ਪੰਜਾਬੀ ਦੇ ਲੇਖਕ ਅਤੇ ਚਿੰਤਕ ਹਰਵਿੰਦਰ ਸਿੰਘ ਨੇ ਦੱਸਿਆ ਕਿ ਸੰਸਥਾ ਦਾ ਮੰਤਵ ਸੂਫ਼ੀਆਂ, ਗੁਰੂਆਂ, ਭਗਤਾਂ ਅਤੇ ਲੋਕ ਨਾਇਕਾਂ ਵੱਲੋਂ ਪੈਦਾ ਕੀਤੀਆਂ ਨਿੱਗਰ ਅਤੇ ਉੱਚੀਆਂ-ਸੁੱਚੀਆਂ ਇਨਸਾਨੀ ਕਦਰਾਂ ਕੀਮਤਾਂ ਤੋਂ ਪ੍ਰੇਰਨਾ ਲੈ ਕੇ ਅਮਲਯੋਗ ਕਾਰਜ ਕਰਨਾ ਅਤੇ ਨਵੀਂ ਪੀੜ੍ਹੀ ਨੂੰ ਪੰਜਾਬੀ ਬੋਲੀ, ਅਦਬ ਅਤੇ ਵਿਰਸੇ ਨਾਲ਼ ਜੋੜਨਾ ਹੈ। ਇਸ ਸੰਦਰਭ ਵਿੱਚ ਹੀ ਸੰਸਥਾ ਦਾ ਪਹਿਲਾ ਪ੍ਰੋਗਰਾਮ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਸੱਚੇ ਪਰ ਅਣਗੌਲੇ ਸਪੂਤ ਸੇਠ ਰਾਮ ਨਾਥ ਦੇ ਵੱਡਮੁੱਲੇ ਯੋਗਦਾਨ ਨੂੰ ਸਮਰਪਿਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਤਾਂ ਜੋ ਨੌਜਵਾਨ ਪੀੜ੍ਹੀ ਪੰਜਾਬ ਅਤੇ ਪੰਜਾਬੀ ਦੇ ਅਜਿਹੇ ਨਾਇਕਾਂ ਬਾਰੇ ਜਾਗਰੂਕ ਹੋ ਸਕੇ ਅਤੇ ਪ੍ਰੇਰਨਾ ਲੈ ਸਕੇ।
ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਨਾਮਵਰ ਲੇਖਕ, ਪੱਤਰਕਾਰ, ਬੁੱਧੀਜੀਵੀ, ਉੱਚ ਤਜਰਬੇਕਾਰ ਪ੍ਰਸ਼ਾਸਨਿਕ ਅਧਿਕਾਰੀ ਅਤੇ ਸਮਾਜ ਵਿਗਿਆਨੀਆਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚ ਜੰਗ ਬਹਾਦਰ ਗੋਇਲ, ਡਾ. ਮਨਮੋਹਨ, ਹਰੀਸ਼ ਪੁਰੀ ਅਤੇ ਲਖਮੀਰ ਸਿੰਘ ਸ਼ਾਮਲ ਹਨ। ਇਸ ਮੌਕੇ ਪ੍ਰਿੰਸੀਪਲ ਸੈਕਟਰੀ (ਸੇਵਾਮੁਕਤ) ਪੰਜਾਬ ਸਰਕਾਰ ਜਸਪਾਲ ਸਿੰਘ, ਸੇਵਾਮੁਕਤ ਪੀ ਸੀ ਐੱਸ ਅਧਿਕਾਰੀ ਲਖਮੀਰ ਸਿੰਘ ਰਾਜਪੂਤ ਨੇ ਵਿਚਾਰ ਸਾਂਝੇ ਕੀਤੇ।
ਪ੍ਰੋਗਰਾਮ ਵਿੱਚ ਸੇਠ ਰਾਮ ਨਾਥ ਦੇ ਪੁੱਤਰ ਅਮਰਕਾਂਤ, ਪੋਤਰੇ ਕਰਨ ਸੇਠ, ਸੰਦੀਪ ਬਾਂਸਲ ਤੇ ਸੁਨੀਲ ਬਾਂਸਲ ਵੀ ਸ਼ਾਮਲ ਹੋਏ। ਮੰਚ ਸੰਚਾਲਨ ਪੰਜਾਬੀ ਦੇ ਲੇਖਕ ਜਗਦੀਪ ਸਿੱਧੂ ਨੇ ਕੀਤਾ।

