ਅੰਬਾਲਾ ਤੋਂ ਮੁਲਾਣਾ ਤੱਕ ਔਰਤਾਂ ਲਈ ਵੱਖਰੀ ਬੱਸ ਚੱਲੇਗੀ: ਵਿੱਜ
ਸਰਬਜੀਤ ਸਿੰਘ ਭੱਟੀ
ਅੰਬਾਲਾ, 5 ਜੁਲਾਈ
ਹਰਿਆਣਾ ਦੇ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਅੰਬਾਲਾ ਛਾਉਣੀ ’ਚ ਲੋਕ ਦਰਬਾਰ ਲਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਉਨ੍ਹਾਂ ਨੇ ਟਰਾਂਸਪੋਰਟ ਵਿਭਾਗ ਨੂੰ ਨਿਰਦੇਸ਼ ਦਿੱਤਾ ਕਿ ਅੰਬਾਲਾ ਤੋਂ ਮੁਲਾਣਾ ਤੱਕ ਔਰਤਾਂ ਲਈ ਵੱਖਰੀ ਬੱਸ ਸੇਵਾ ਚਲਾਈ ਜਾਵੇ, ਤਾਂ ਜੋ ਵਿਸ਼ੇਸ਼ ਤੌਰ ’ਤੇ ਵਿਦਿਆਰਥਣਾਂ ਤੇ ਨੌਕਰੀ-ਪੇਸ਼ਾ ਮਹਿਲਾਵਾਂ ਨੂੰ ਆਸਾਨੀ ਹੋਵੇ। ਇਹ ਮੰਗ ਵਾਰਡ ਨੰਬਰ 27 ਦੇ ਕੌਂਸਲਰ ਵਲੋਂ ਰੱਖੀ ਗਈ ਸੀ। ਇਕ ਹੋਰ ਮਾਮਲੇ ‘ਚ ਰੇਲਵੇ ਰੋਡ ਦੇ ਵਾਸੀ ਨੇ ਦੱਸਿਆ ਕਿ ਉਸ ਦਾ 11 ਸਾਲਾ ਬੱਚਾ 29 ਜੂਨ ਤੋਂ ਗੁੰਮ ਹੈ ਤੇ ਪੁਲੀਸ ਨੇ ਐਫਆਈਆਰ ਵੀ ਦਰਜ ਨਹੀਂ ਕੀਤੀ। ਵਿੱਜ ਨੇ ਡੀਐੱਸਪੀ ਨੂੰ ਮੌਕੇ ’ਤੇ ਹੀ ਐਫਆਈਆਰ ਦਰਜ ਕਰਕੇ ਤੁਰੰਤ ਲੱਭਣ ਦੇ ਹੁਕਮ ਦਿੱਤੇ। ਬਬਿਆਲ ਦੇ ਵਿਜੈ ਨਗਰ ‘ਚ ਬਿਜਲੀ ਚੋਰੀ ਦੀ ਸ਼ਿਕਾਇਤ ਤੇ ਉਨ੍ਹਾਂ ਨੇ ਬਿਜਲੀ ਵਿਭਾਗ ਨੂੰ ਐਫਆਈਆਰ ਦਰਜ ਕਰਕੇ ਕਾਨੂੰਨੀ ਕਾਰਵਾਈ ਕਰਨ ਨੂੰ ਕਿਹਾ ਤੇ ਹੋਰ ਸ਼ਿਕਾਇਤਾਂ ਦਾ ਨਿਬੇੜਾ ਵੀ ਕੀਤਾ ਗਿਆ।
‘ਹਿੰਦੀ ਦੇ ਵਿਰੋਧੀ, ਦੇਸ਼ ਦੇ ਵਿਰੋਧੀ’
ਅੰਬਾਲਾ: ਕਿਰਤ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਹਿੰਦੀ ਦੇ ਵਿਰੋਧੀ ਅਸਲ ਵਿੱਚ ਹਿੰਦੁਸਤਾਨ ਦੇ ਵਿਰੋਧੀ ਹਨ, ਕਿਉਂਕਿ ਹਿੰਦੀ ਦੇਸ਼ ਦੀ ਮਾਂ ਬੋਲੀ ਹੈ। ਉਨ੍ਹਾਂ ਕਿਹਾ ਕਿ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨਾ ਠੀਕ ਗੱਲ ਹੈ ਪਰ ਹਿੰਦੀ ਦਾ ਵਿਰੋਧ ਕਰਨਾ ਦੇਸ਼ ਦੇ ਸੰਘੀ ਢਾਂਚੇ ਨੂੰ ਖ਼ਤਰੇ ਵਿੱਚ ਪਾਉਂਦਾ ਹੈ। ਮਹਾਰਾਸ਼ਟਰ ’ਚ ਭਾਸ਼ਾ ਵਿਵਾਦ ਸਬੰਧੀ ਉਨ੍ਹਾਂ ਕਿਹਾ ਕਿ ਹਿੰਦੀ ਦੇ ਨਾਲ ਸਾਰੀਆਂ ਭਾਸ਼ਾਵਾਂ ਨੂੰ ਅੱਗੇ ਲਿਜਾਇਆ ਜਾ ਸਕਦਾ ਹੈ।