ਮੈਡੀਕਲ ਕਾਲਜ ਪੀ ਪੀ ਪੀ ਮੋਡ ’ਤੇ ਦੇਣ ਦੇ ਫ਼ੈਸਲੇ ’ਤੇ ਰੋਕ ਮੰਗੀ
ਮੁਹਾਲੀ ਦੇ ਡਿਪਟੀ ਮੇਅਰ ਨੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ; ਪੰਜਾਬ ਦੇ ਹਿੱਸੇ ਦਾ 40 ਫੀਸਦ ਫੰਡ ਰਿਲੀਜ਼ ਕਰਨ ਦੀ ਮੰਗ
ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਮੁੱਖ ਸਕੱਤਰ ਨੂੰ ਇੱਕ ਪੱਤਰ ਲਿਖ ਕੇ ਮੁਹਾਲੀ ਦੇ ਡਾ. ਭੀਮ ਰਾਓ ਅੰਬੇਡਕਰ ਮੈਡੀਕਲ ਕਾਲਜ ਨੂੰ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ (ਪੀ ਪੀ ਪੀ) ਮੋਡ ’ਤੇ ਦੇਣ ਦਾ ਫ਼ੈਸਲਾ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੀ ਪੀ ਪੀ ਮੋਡ ਉਤੇ ਦੇਣ ਦੀ ਬਜਾਇ ਸਰਕਾਰ ਨੂੰ ਆਪਣੇ 40 ਫ਼ੀਸਦੀ ਹਿੱਸੇ ਦੇ ਫੰਡ ਜਾਰੀ ਕਰਕੇ ਇਸ ਪ੍ਰਾਜੈਕਟ ਨੂੰ ਕੇਂਦਰ ਦੇ ਸਹਿਯੋਗ ਨਾਲ ਪੂਰਾ ਕਰਨਾ ਚਾਹੀਦਾ ਹੈ, ਤਾਂ ਜੋ ਮੁਹਾਲੀ ਦੇ ਵਿਦਿਆਰਥੀਆਂ ਅਤੇ ਨਾਗਰਿਕਾਂ ਨਾਲ ਕੀਤੇ ਵਾਅਦੇ ਪੂਰੇ ਹੋ ਸਕਣ। ਬੇਦੀ ਨੇ ਕਿਹਾ ਕਿ ਇਸ ਮੈਡੀਕਲ ਕਾਲਜ ਨੂੰ ਲੈ ਕੇ ਪੰਜਾਬ ਸਰਕਾਰ ਨੇ ਵੱਡੇ ਦਾਅਵੇ ਕੀਤੇ ਸਨ ਪ੍ਰੰਤੂ ਅੱਜ ਇਹ ਕਾਲਜ ਬੁਨਿਆਦੀ ਸਹੂਲਤਾਂ ਤੋਂ ਪੂਰੀ ਤਰ੍ਹਾਂ ਵਾਂਝਾ ਹੈ ਤੇ ਸਰਕਾਰ ਦੇ ਦਾਵਿਆਂ ਦੀ ਪੋਲ ਖੋਲ੍ਹ ਰਿਹਾ ਹੈ। ਲਗਪਗ 500 ਮੈਡੀਕਲ ਵਿਦਿਆਰਥੀਆਂ ਨੂੰ ਕਲਾਸਰੂਮ ਤੋਂ ਲੈ ਕੇ ਹੋਸਟਲ ਤੱਕ ਬੁਨਿਆਦੀ ਸਹੂਲਤਾਂ ਨਹੀਂ ਮਿਲ ਰਹੀਆਂ। ਕਾਲਜ ਇਸ ਵੇਲੇ ਇੱਕ ਛੋਟੀ ਜਿਹੀ ਸਕੂਲ-ਨੁਮਾ ਬਿਲਡਿੰਗ ਵਿੱਚ ਚੱਲ ਰਿਹਾ ਹੈ। ਵਿਦਿਆਰਥੀਆਂ ਲਈ ਢੁੱਕਵੀਂ ਲੈਬਾਰਟਰੀ, ਲਾਇਬ੍ਰੇਰੀ ਤੇ ਵੱਡੇ ਕਲਾਸਰੂਮ ਉਪਲਬਧ ਨਹੀਂ ਹਨ। ਹੋਸਟਲ ਹਾਲੇ ਬਣ ਕੇ ਤਿਆਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸ ਕਾਲਜ ਲਈ 60 ਪ੍ਰਤੀਸ਼ਤ ਫੰਡ ਕੇਂਦਰ ਸਰਕਾਰ ਤੇ 40 ਫ਼ੀਸਦ ਫੰਡ ਪੰਜਾਬ ਸਰਕਾਰ ਨੇ ਦੇਣਾ ਸੀ ਪਰ ਪੰਜਾਬ ਸਰਕਾਰ ਵੱਲੋਂ ਹਿੱਸਾ ਜਾਰੀ ਨਾ ਹੋਣ ਕਰਕੇ ਸੈਕਟਰ 81 ਵਿੱਚ 28 ਏਕੜ ਜ਼ਮੀਨ ਉਤੇ ਬਣਨ ਵਾਲੀ ਕਾਲਜ ਦੀ ਅਸਲ ਬਿਲਡਿੰਗ ਹਾਲੇ ਤੱਕ ਸ਼ੁਰੂ ਹੀ ਨਹੀਂ ਹੋ ਸਕੀ।

