ਸੈਕਟਰ 26 ਅਨਾਜ ਮੰਡੀ ਐਸੋਸੀਏਸ਼ਨ ਨੇ ਤਿਵਾੜੀ ਨੂੰ ਦੱਸੀਆਂ ਸਮੱਸਿਆਵਾਂ
ਕੁਲਦੀਪ ਸਿੰਘ
ਚੰਡੀਗੜ੍ਹ, 12 ਜੁਲਾਈ
ਸੈਕਟਰ 26 ਚੰਡੀਗੜ੍ਹ ਦੀ ਅਨਾਜ ਮੰਡੀ ਐਸੋਸੀਏਸ਼ਨ ਵੱਲੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਪ੍ਰਧਾਨ ਐੱਚਐੱਸ ਲੱਕੀ ਨੂੰ ਸੱਦ ਕੇ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ ਅਤੇ ਮੰਡੀ ਦੀਆਂ ਸਮੱਸਿਆਵਾਂ ਵੀ ਸੁਣਾਈਆਂ ਗਈਆਂ। ਚੰਡੀਗੜ੍ਹ ਵਪਾਰ ਮੰਡਲ ਦੇ ਪ੍ਰਧਾਨ ਸੰਜੀਵ ਕੁਮਾਰ ਚੱਢਾ ਸਮੇਤ ਅਨਾਜ ਮੰਡੀ ਦੇ ਵੱਡੀ ਗਿਣਤੀ ਵਿੱਚ ਵਪਾਰੀ ਅਤੇ ਐਸੋਸੀਏਸ਼ਨ ਦੇ ਅਹੁਦੇਦਾਰ ਹਾਜ਼ਰ ਸਨ।
ਮਨੀਸ਼ ਤਿਵਾੜੀ ਨੇ ਸੈਕਟਰ 26 ਅਨਾਜ ਮੰਡੀ ਵਿੱਚ ਸੀਸੀਟੀਵੀ ਲਗਾਉਣ ਲਈ ਸੰਸਦ ਮੈਂਬਰ ਸਥਾਨਕ ਖੇਤਰ ਵਿਕਾਸ ਐੱਮਪੀ ਲੈਂਡ ਯੋਜਨਾ ਤੋਂ 10 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੀਆਂ ਮਾਰਕੀਟਾਂ ਅਤੇ ਕਲੋਨੀਆਂ ਦੀ ਹਾਲਤ ਪ੍ਰਸ਼ਾਸਨ ਦੀ ਅਣਦੇਖੀ ਨੂੰ ਦਰਸਾਉਂਦੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਹਰ ਪਲੇਟਫਾਰਮ ’ਤੇ ਵਪਾਰੀਆਂ ਅਤੇ ਆਮ ਜਨਤਾ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰੇਗੀ।
ਕਾਂਗਰਸ ਪ੍ਰਧਾਨ ਐੱਚਐੱਸ ਲੱਕੀ ਨੇ ਕਿਹਾ ਕਿ ਇੱਥੋਂ ਦੇ ਲੋਕ ਪ੍ਰਸ਼ਾਸਨਿਕ ਅਣਗਹਿਲੀ ਤੋਂ ਪੀੜਤ ਹਨ। ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਸੂਦ ਅਤੇ ਹੋਰ ਅਹੁਦੇਦਾਰਾਂ ਨੇ ਬਾਜ਼ਾਰ ਵਿੱਚ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਇੱਕ ਮੰਗ ਪੱਤਰ ਸੌਂਪਿਆ। ਮੁੱਖ ਮੁੱਦਿਆਂ ਵਿੱਚ ਮਾੜੀ ਸਫ਼ਾਈ, ਵਿਗੜਦਾ ਬੁਨਿਆਦੀ ਢਾਂਚਾ, ਨੋਟਿਸਾਂ ਦਾ ਡਰ, ਉੱਚ ਨਗਰ ਨਿਗਮ ਖਰਚੇ, ਪਾਰਕਿੰਗ ਦੀ ਘਾਟ, ਸੁਰੱਖਿਆ ਅਤੇ ਨਿਯਮਾਂ ਦੀ ਆੜ ਵਿੱਚ ਅਧਿਕਾਰੀਆਂ ਵੱਲੋਂ ਆਉਂਦੀਆਂ ਪ੍ਰੇਸ਼ਾਨੀਆਂ ਸ਼ਾਮਲ ਸੀ। ਇਸ ਮੌਕੇ ਡੀਪੀ ਰੰਧਾਵਾ, ਸਾਬਕਾ ਮੇਅਰ ਰਾਜਕੁਮਾਰ ਗੋਇਲ, ਸੰਜੀਵ ਚੱਢਾ, ਕ੍ਰਿਸ਼ਨ ਬਾਵੇਜਾ, ਰਾਜਕੁਮਾਰ ਗੁਪਤਾ, ਭੀਮ ਸੇਨ ਅਗਰਵਾਲ, ਯੈਂਕੀ ਕਾਲੀਆ ਅਤੇ ਹੋਰ ਪਤਵੰਤੇ ਹਾਜ਼ਰ ਸਨ।