ਸਕੂਲਾਂ ਨੂੰ ਅੱਗ ਬੁਝਾਊ ਇੰਤਜ਼ਾਮ ਕਰਨ ਦੇ ਨਿਰਦੇਸ਼
ਸਕੂਲ ਖੁੱਲ੍ਹਣ ਸਾਰ ਇਮਾਰਤਾਂ ਦੀ ਮੁਰੰਮਤ ਤੇ ਬੱਸਾਂ ਦੀ ਜਾਂਚ ਕਰਨ ਦੀ ਹਦਾਇਤ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 24 ਜੂਨ
ਯੂਟੀ ਦੇ ਨਿੱਜੀ ਤੇ ਸਰਕਾਰੀ ਸਕੂਲ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਜੁਲਾਈ ਦੇ ਪਹਿਲੇ ਹਫਤੇ ਖੁੱਲ੍ਹ ਰਹੇ ਹਨ। ਡਾਇਰੈਕਟਰ ਸਕੂਲ ਐਜੂਕੇਸ਼ਨ ਨੇ ਦੋ ਪੱਤਰ ਜਾਰੀ ਕਰ ਕੇ ਸਕੂਲਾਂ ਨੂੰ ਇਨ੍ਹਾਂ ਛੁੱਟੀਆਂ ’ਚ ਵਿਦਿਆਰਥੀਆਂ ਦੀ ਸੁਰੱਖਿਆ ਦੇ ਬਣਦੇ ਇੰਤਜ਼ਾਮ ਕਰਨ ਲਈ ਕਿਹਾ ਗਿਆ ਹੈ।
ਇਸ ਤੋਂ ਇਲਾਵਾ ਇਕ ਹੋਰ ਪੱਤਰ ਵਿਚ ਸਕੂਲਾਂ ਨੂੰ ਅੱਗ ਬੁਝਾਊ ਇੰਤਜ਼ਾਮ ਮੁਕੰਮਲ ਕਰਨ ਤੇ ਫਾਇਰ ਸੇਫਟੀ ਉਪਕਰਨਾਂ ਦੀ ਮਿਆਦ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਵੇਲੇ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਹਨ ਤੇ ਵਿਦਿਆਰਥੀਆਂ ਦੇ ਸਕੂਲ ਨਾ ਆਉਣ ਕਾਰਨ ਕਈ ਸਕੂਲਾਂ ਵਿਚ ਅੱਗ ਬੁਝਾਊ ਯੰਤਰਾਂ ਦੀ ਮਿਆਦ ਪੁੱਗ ਗਈ ਹੈ। ਫਾਇਰ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧ ਵਿਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਪੱਤਰ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੈਕਟਰਾਂ ਵਿਚਲੇ ਸਕੂਲ ਸੈਕਟਰ-11 ਦੇ ਫਾਇਰ ਆਫਿਸਰ ਕੋਲ ਫਾਇਰ ਸੇਫਟੀ ਸਰਟੀਫਿਕੇਟ ਲੈਣ ਲਈ ਆਨਲਾਈਨ ਦਰਖਾਸਤ ਕਰਨਗੇ ਜਦਕਿ ਪਿੰਡਾਂ ਵਿਚਲੇ ਸਕੂਲ ਨਗਰ ਨਿਗਮ ਕੋਲ ਪਹੁੰਚ ਕਰਨ ਤੇ ਜਾਂਚ ਕਰਵਾਉਣ।
ਸਕੂਲਾਂ ਨੂੰ ਜਾਂਚ ਕਰਵਾਉਣ ਲਈ ਕਿਹਾ: ਡਾਇਰੈਕਟਰ
ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਸਕੂਲਾਂ ਨੂੰ ਗਰਮੀਆਂ ਦੀਆਂ ਛੁੱਟੀਆਂ ਖਤਮ ਹੋਣ ਤੋਂ ਪਹਿਲਾਂ ਹੀ ਸਕੂਲਾਂ ’ਚ ਵਿਦਿਆਰਥੀਆਂ ਦੀ ਸੁਰੱਖਿਆ ਦੇ ਬਣਦੇ ਇੰਤਜ਼ਾਮ ਕਰਨ ਲਈ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਨਿੱਜੀ ਸਕੂਲਾਂ ਨੂੰ ਸਕੂਲ ਬੱਸਾਂ ਦੇ ਸਾਰੇ ਕਾਗਜ਼ ਤੇ ਹੋਰ ਖਾਮੀਆਂ ਨੂੰ ਦੂਰ ਕਰਨ ਲਈ ਕਰਨ ਤੋਂ ਇਲਾਵਾ ਸਕੂਲਾਂ ਦੀਆਂ ਅਧੂਰੀਆਂ ਤੇ ਮੁਰੰਮਤ ਮੰਗਦੀਆਂ ਇਮਾਰਤਾਂ ਦੀ ਮੁਰੰਮਤ ਕਰਵਾਉਣ ਲਈ ਇੰਜਨੀਅਰਿੰਗ ਵਿਭਾਗ ਨਾਲ ਰਾਬਤਾ ਕਾਇਮ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਸਕੂਲ ਨੂੰ ਜਾਂਚ ਕਰਨ ਮਗਰੋਂ ਸਰਟੀਫਿਕੇਟ ਡੀਈਓ ਕੋਲ ਜਮ੍ਹਾਂ ਕਰਵਾਉਣ ਲਈ ਵੀ ਆਖਿਆ