ਥ੍ਰੀ ਵੀਲ੍ਹਰ ’ਚ ਸਕੂਲ ਦੀ ਵਿਦਿਆਰਥਣ ਨਾਲ ਛੇੜਛਾੜ
ਇਥੋਂ ਦੇ ਇਕ ਸਕੂਲ ਵਿੱਚ ਦਸਵੀਂ ਜਮਾਤ ਵਿੱਚ ਪੜ੍ਹਦੀ ਵਿਦਿਆਰਥਣ ਨਾਲ ਥ੍ਰੀ ਵੀਲ੍ਹਰ ਚਾਲਕ ਵੱਲੋਂ ਛੇੜਛਾੜ ਕੀਤੀ ਗਈ। ਘਟਨਾ ਦਾ ਪਤਾ ਲੱਗਣ ਮਗਰੋਂ ਸਕੂਲ ਪ੍ਰਬੰਧਕਾਂ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ। ਇਸ ਸਬੰਧੀ ਬਾਲ ਕਮਿਸ਼ਨ ਨੇ ਪੁਲੀਸ ਤੇ ਸਕੂਲ ਤੋਂ ਕਾਰਵਾਈ ਰਿਪੋਰਟ ਮੰਗ ਲਈ ਹੈ। ਇਸ ਘਟਨਾ ਕਾਰਨ ਥ੍ਰੀ ਵੀਲ੍ਹਰਾਂ ਤੇ ਟਾਟਾ ਮੈਜਿਕ ਰਾਹੀਂ ਸਕੂਲ ਆਉਣ ਜਾਣ ਵਾਲੇ ਵਿਦਿਆਰਥੀਆਂ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਹੋ ਗਏ ਹਨ।
ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਦਸਵੀਂ ਜਮਾਤ ਦੀ ਇੱਕ ਵਿਦਿਆਰਥਣ ਸਕੂਲ ਜਾਣ ਲਈ ਥ੍ਰੀ ਵੀਲ੍ਹਰ ਵਿੱਚ ਸਵਾਰ ਹੋਈ ਸੀ। ਇਸ ਦੌਰਾਨ ਚਾਲਕ ਨੇ ਲੜਕੀ ਨਾਲ ਛੇੜਛਾੜ ਕੀਤੀ। ਇਹ ਲੜਕੀ ਸਹਿਮੀ ਹੋਈ ਜਦੋਂ ਸਕੂਲ ਪੁੱਜੀ ਤਾਂ ਸਕੂਲ ਦੀ ਅਧਿਆਪਕਾ ਨੇ ਉਸ ਤੋਂ ਕਾਰਨ ਪੁੱਛਿਆ ਤਾਂ ਲੜਕੀ ਨੇ ਆਪਣੇ ਨਾਲ ਬੀਤੀ ਸੁਣਾਈ। ਅਧਿਆਪਕਾ ਲੜਕੀ ਨੂੰ ਪ੍ਰਿੰਸੀਪਲ ਕੋਲ ਲੈ ਕੇ ਗਈ।
ਪੁਲੀਸ ਨੇ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰਦਿਆਂ ਲੜਕੀ ਦਾ ਮੈਡੀਕਲ ਕਰਵਾਇਆ ਤੇ ਉਸ ਦੇ ਬਿਆਨ ਦਰਜ ਕੀਤੇ। ਪੁਲੀਸ ਨੇ ਇਸ ਮਾਮਲੇ ਦੀ ਜਾਂਚ ਲਈ ਕਮੇਟੀ ਬਣਾ ਕੇ ਕਾਰਵਾਈ ਕੀਤੀ ਤੇ ਇਸ ਮਾਮਲੇ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਰਿਮਾਂਡ ’ਤੇ ਭੇਜ ਦਿੱਤਾ।
ਇਹ ਵੀ ਦੱਸਣਾ ਬਣਦਾ ਹੈ ਕਿ ਇਸ ਵੇਲੇ ਵੱਡੀ ਗਿਣਤੀ ਵਿਦਿਆਰਥੀ ਸਕੂਲ ਬੱਸਾਂ ਦੀ ਥਾਂ ਹੋਰ ਵਾਹਨਾਂ ਰਾਹੀਂ ਸਕੂਲ ਆਉਂਦੇ ਹਨ ਜਿਨ੍ਹਾਂ ਵਿਚ ਸੁਰੱਖਿਆਂ ਦੇ ਕੋਈ ਇੰਤਜ਼ਾਮ ਨਹੀਂ ਹੁੰਦੇ।
ਸਕੂਲਾਂ ਨੇ ਵਿਦਿਆਰਥੀਆਂ ਦਾ ਨਾ ਦਿੱਤਾ ਰਿਕਾਰਡ
ਚੰਡੀਗੜ੍ਹ ਕਮਿਸ਼ਨ ਫਾਰ ਦਿ ਪ੍ਰੋਟੈਕਸ਼ਨ ਆਫ ਚਾਈਲਡ ਰਾਈਟ ਨੇ ਪਿਛਲੇ ਸਾਲ ਅਗਸਤ ਵਿਚ ਸਕੂਲਾਂ ਤੋਂ ਰਿਕਾਰਡ ਮੰਗਿਆ ਸੀ ਕਿ ਉਹ ਸਕੂਲ ਬੱਸਾਂ ਤੋਂ ਇਲਾਵਾ ਹੋਰ ਵਾਹਨਾਂ ਵਿਚ ਆਉਣ ਵਾਲੇ ਵਿਦਿਆਰਥੀਆਂ ਦਾ ਰਿਕਾਰਡ ਦੇਣ ਪਰ ਹੁਣ ਤਕ ਸਿਰਫ਼ ਦਸ ਫੀਸਦੀ ਸਕੂਲਾਂ ਨੇ ਹੀ ਇਹ ਰਿਕਾਰਡ ਤਿਆਰ ਕੀਤਾ ਹੈ ਜਿਨ੍ਹਾਂ ਵਿਚ ਜ਼ਿਆਦਾਤਰ ਸਰਕਾਰੀ ਸਕੂਲ ਸ਼ਾਮਲ ਹਨ ਤੇ ਨਿੱਜੀ ਸਕੂਲਾਂ ਨੇ ਇਸ ਵੱਲ ਧਿਆਨ ਹੀ ਨਹੀਂ ਦਿੱਤਾ। ਸਿੱਖਿਆ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਉਹ ਭਲਕੇ ਇਸ ਸਬੰਧੀ ਸਕੂਲਾਂ ਨੂੰ ਪੱਤਰ ਜਾਰੀ ਕਰਨਗੇ।
ਘਟਨਾਵਾਂ ਲਈ ਸਕੂਲਾਂ ਦੇ ਨਾਲ ਮਾਪੇ ਵੀ ਜ਼ਿੰਮੇਵਾਰ: ਅਧਿਕਾਰੀ
ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਈ ਵਿਦਿਆਰਥੀਆਂ ਦੇ ਮਾਪੇ ਇਸ ਗੱਲ ਵੱਲ ਧਿਆਨ ਹੀ ਨਹੀਂ ਦਿੰਦੇ ਕਿ ਉਨ੍ਹਾਂ ਦੇ ਬੱਚੇ ਕਦੋਂ ਸਕੂਲ ਪੁੱਜ ਰਹੇ ਹਨ ਤੇ ਆਉਣ ਲੱਗੇ ਦੇਰ ਨਾਲ ਕਿਉਂ ਆ ਰਹੇ ਹਨ। ਇਸ ਮਾਮਲੇ ਵਿਚ ਸਕੂਲਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਤੈਅ ਕਰਨੀ ਚਾਹੀਦੀ ਹੈ ਕਿ ਉਹ ਹੋਰ ਵਾਹਨਾਂ ’ਤੇ ਸਕੂਲ ਆ ਰਹੇ ਬੱਚਿਆਂ ਦੀ ਜਾਣਕਾਰੀ ਬਾਲ ਕਮਿਸ਼ਨ ਕੋਲ ਸਾਂਝੀ ਕਰਨ ਤੇ ਸਮੇਂ ਸਮੇਂ ’ਤੇ ਸਕੂਲ ਦੇ ਟਰਾਂਸਪੋਰਟਰਾਂ ਨਾਲ ਵੀ ਸੁਰੱਖਿਆ ਬਾਰੇ ਮੀਟਿੰਗ ਕਰਨ। ਬਾਲ ਕਮਿਸ਼ਨ ਦੀ ਚੇਅਰਪਰਸਨ ਸ਼ਿਪਰਾ ਬਾਂਸਲ ਨੇ ਦੱਸਿਆ ਕਿ ਅੱਜ ਸਕੂਲਾਂ ਵਿਚ ਛੁੱਟੀ ਸੀ ਪਰ ਉਨ੍ਹਾਂ ਵੱਲੋਂ ਸਕੂਲ ਤੇ ਪੁਲੀਸ ਤੋਂ ਇਸ ਬਾਰੇ ਕਾਰਵਾਈ ਰਿਪੋਰਟ ਮੰਗੀ ਗਈ ਹੈ।