‘ਸੱਥ’ ਆਗੂ ਤਖਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ
ਭਾਈ ਜਸਵੰਤ ਸਿੰਘ ਖਾਲੜਾ ਮਿਸ਼ਨ ਤੋਂ ਸੇਧ ਲੈ ਕੇ ਚੱਲਣ ਵਾਲੀ ਵਿਦਿਆਰਥੀ ਜਥੇਬੰਦੀ ‘ਸੱਥ’ ਦੇ ਆਗੂ ਅਸ਼ਮੀਤ ਸਿੰਘ ਦੀ ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਦੇ ਮੀਤ ਪ੍ਰਧਾਨ ਦੇ ਅਹੁਦੇ ’ਤੇ ਸ਼ਾਨਦਾਰ ਜਿੱਤ ਦਾ ਸ਼ੁਕਰਾਨਾ ਕਰਨ ਲਈ ਜਥੇਬੰਦੀ ਦੇ ਆਗੂ ਤਖਤ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਆਨੰਦਪੁਰ ਸਾਹਿਬ) ਵਿਖੇ ਪਹੁੰਚੇ। ਵਿਦਿਆਰਥੀਆਂ ਨੇ ਜਿੱਤ ਦੇ ਸ਼ੁਕਰਾਨੇ ਦੇ ਨਾਲ-ਨਾਲ ਪੰਜਾਬ ਵਿੱਚ ਚੱਲ ਰਹੀ ਹੜ੍ਹਾਂ ਦੀ ਮਾਰ ਤੋਂ ਬਚਾਅ ਲਈ ਅਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸ਼ਹੀਦੀ ਦਿਵਸ ਮੌਕੇ ਅਰਦਾਸ ਕੀਤੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਅਤੇ ਗੁਰਦੁਆਰਾ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਅਸ਼ਮੀਤ ਸਿੰਘ ਅਤੇ ਜਥੇਬੰਦੀ ਦੇ ਮੁੱਖ ਸੇਵਾਦਾਰ ਦਰਸ਼ਪ੍ਰੀਤ ਸਿੰਘ ਨੂੰ ਸਿਰੋਪਾਉ ਤੇ ਗੁਰਮਤਿ ਲਿਟਰੇਚਰ ਦੇ ਕੇ ਸਨਮਾਨਿਤ ਕੀਤਾ ਗਿਆ। ‘ਸੱਥ’ ਦੇ ਆਗੂਆਂ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਸਾਡੇ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਦੇ ਲੋਕ, ਜਿਹੜੇ ਸਰਕਾਰਾਂ ਤੋਂ ਝਾਕ ਰੱਖਣ ਦੀ ਬਜਾਇ ਸਿੱਖੀ ਸਿਧਾਂਤਾਂ ਤੋਂ ਪ੍ਰੇਰਨਾ ਲੈਂਦੇ ਹੋਏ ਇਕਜੁੱਟ ਹੋ ਕੇ ਇੱਕ-ਦੂਜੇ ਨਾਲ ਖੜ੍ਹ ਰਹੇ ਹਨ ਤੇ ਸੇਵਾ ਕਰ ਰਹੇ ਹਨ।
ਅਸ਼ਮੀਤ ਸਿੰਘ ਨੇ ਕਿਹਾ ਕਿ ਜਥੇਬੰਦੀ ਇਸ ਜ਼ਿੰਮੇਵਾਰੀ ਨੂੰ ਸਮਝਦੀ ਹੈ ਅਤੇ ਇਨ੍ਹਾਂ ਹੜ੍ਹਾਂ ਦੇ ਰਾਹਤ ਕਾਰਜਾਂ ਅਤੇ ਮੁੜ-ਵਸੇਬਾ ਯੋਜਨਾਵਾਂ ਵਿੱਚ ਆਪਣਾ ਰੋਲ ਨਿਭਾਉਣ ਲਈ ਵਚਨਬੱਧ ਹੈ। ਇਸੇ ਮੌਕੇ ਦੂਸਰੀ ਜਥੇਬੰਦੀ ‘ਪੂਸੂ’ ਦੇ ਕਾਰਕੁਨ ਅਰਸ਼ਪ੍ਰੀਤ ਸਿੰਘ ਵੀ ‘ਸੱਥ’ ਵਿਚ ਸ਼ਾਮਿਲ ਹੋ ਕੇ ਪੰਥ ਪੰਜਾਬ ਦੇ ਕਾਰਜਾਂ ਲਈ ਕੰਮ ਕਰਨ ਲਈ ਵਚਨਬੱਧ ਹੋਏ। ਸੱਥ ਦੇ ਮਹਿਲਾ ਵਿੰਗ ਵਿੱਚੋਂ ਗੁਰਪ੍ਰੀਤ ਕੌਰ, ਚੋਣ ਇੰਚਾਰਜ ਹਰਮਨਪ੍ਰੀਤ ਸਿੰਘ, ਜਿੱਤੇ ਹੋਏ ਡੀਆਰ ਮੇਹੁਲ ਅਤੇ ਇਦਰੀਸ ਵੀ ਮੌਜੂਦ ਰਹੇ।