ਸਰੋਜ ਸਿੰਘ ਚੌਹਾਨ ਪ੍ਰਧਾਨ ਚੁਣੇ
ਚੰਡੀਗੜ੍ਹ: ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸੀਏਸ਼ਨ (ਸੀਪੀਏ) ਦੀ ਜਨਰਲ ਹਾਊਸ ਮੀਟਿੰਗ ਸੈਕਟਰ-10 ਸਥਿਤ ਮਿਊਜ਼ੀਅਮ ਆਰਟ ਗੈਲਰੀ ਵਿਖੇ ਹੋਈ। ਇਸ ਦੌਰਾਨ ਸਰੋਜ ਸਿੰਘ ਚੌਹਾਨ ਨੂੰ ਸਰਬਸੰਮਤੀ ਨਾਲ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ। ਸਰੋਜ ਚੌਹਾਨ ਨੇ ਕਿਹਾ ਕਿ ਉਹ ਨਿਰਪੱਖਤਾ, ਪਾਰਦਰਸ਼ਤਾ, ਸ਼ਮੂਲੀਅਤ ਅਤੇ ਨਵੀਨਤਾ ਦੇ ਆਦਰਸ਼ਾਂ ਦੀ ਸੇਵਾ ਦੀ ਭਾਵਨਾ ਨਾਲ ਸੀਪੀਏ ਦੀ ਟੀਮ ਅਤੇ ਮੈਂਬਰਾਂ ਨਾਲ ਕੰਮ ਕਰਨਗੇ। ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਸਰੋਜ ਸਿੰਘ ਚੌਹਾਨ 30 ਸਾਲਾਂ ਦੇ ਲੰਬਾ ਤਜ਼ਰਬਾ ਰੱਖਣ ਵਾਲੇ ਅਤੇ ਜ਼ਮੀਨੀ ਪੱਧਰ ’ਤੇ ਸਾਰੇ ਮੈਂਬਰਾਂ ਨਾਲ ਜੁੜੇ ਹੋਏ ਵਿਅਕਤੀ ਹਨ। -ਟਨਸ
ਘੱਗਰ ਨਦੀ ਵਿੱਚ ਫਸੀਆਂ ਗਊਆਂ ਬਚਾਈਆਂ
ਪੰਚਕੂਲਾ: ਘੱਗਰ ਨਦੀ ਦੇ ਤੇਜ਼ ਵਹਾਅ ਨੇ ਨਾ ਸਿਰਫ਼ ਮਨੁੱਖਾਂ ਲਈ ਸਗੋਂ ਜਾਨਵਰਾਂ ਲਈ ਵੀ ਖ਼ਤਰਾ ਪੈਦਾ ਕਰ ਦਿੱਤਾ ਹੈ। ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਪੂਰੇ ਸਨ। ਇਨ੍ਹਾਂ ਨਿਰਦੇਸ਼ਾਂ ਤਹਿਤ ਸੈਕਟਰ-21 ਪੁਲੀਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਦੀਦਾਰ ਸਿੰਘ ਗਸ਼ਤ ਦੌਰਾਨ ਸੈਕਟਰ-21 ਨੇੜੇ ਘੱਗਰ ਨਦੀ ਦੇ ਕੰਢੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਨਦੀ ਵਿੱਚ ਲਗਪਗ 25 ਗਾਵਾਂ ਫਸੀਆਂ ਹੋਈਆਂ ਸਨ। ਪੁਲੀਸ ਨੇ ਫੌਰੀ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤਾ ਅਤੇ ਤੇਜ਼ ਵਹਾਅ ਦੇ ਬਾਵਜੂਦ ਗੂਆਂ ਨੂੰ ਸੁਰੱਖਿਅਤ ਕੰਢੇ ’ਤੇ ਪਹੁੰਚਾਇਆ। ਡੀਸੀਪੀ ਸ੍ਰਿਸ਼ਟੀ ਗੁਪਤਾ ਕਿਹਾ ਕਿ ਪੁਲੀਸ ਦਾ ਕੰਮ ਅਪਰਾਧ ਨੂੰ ਰੋਕਣਾ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣਾ ਹੈ ਅਤੇ ਨਾਲ ਹੀ ਹਰ ਉਸ ਜਾਨ ਦੀ ਰੱਖਿਆ ਕਰਨਾ ਸਾਡੇ ਲਈ ਕੀਮਤੀ ਹੈ। -ਪੱਤਰ ਪ੍ਰੇਰਕ
ਚਾਂਦੀ ਦਾ ਤਗ਼ਮਾ ਜੇਤੂ ਖਿਡਾਰੀ ਦਾ ਸਨਮਾਨ
ਚਮਕੌਰ ਸਾਹਿਬ: ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਖਿਡਾਰੀ ਅਰੁਣ ਕੁਮਾਰ ਨੇ ਸੀਨੀਅਰ ਨੈਸ਼ਨਲ (ਕਿੱਕ ਬਾਕਸਿੰਗ) ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ। ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਪੀਜੀਡੀਸੀਏ ਦੇ ਵਿਦਿਆਰਥੀ ਅਰੁਣ ਕੁਮਾਰ ਨੇ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿੱਚ ਹੋਈ ਸੀਨੀਅਰ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਦੇ 94+ ਭਾਰ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਕਾਲਜ ਕਮੇਟੀ ਦੇ ਮੈਨੇਜਰ ਸੁਖਵਿੰਦਰ ਸਿੰਘ ਵਿਸਕੀ ਨੇ ਕਾਲਜ ਪਹੁੰਚਣ ’ਤੇ ਉਸ ਦਾ ਸਨਮਾਨ ਕੀਤਾ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਲੈਫਟੀਨੈਂਟ ਪ੍ਰੋ. ਪ੍ਰਿਤਪਾਲ ਸਿੰਘ ਤੇ ਪ੍ਰੋ. ਅਮਰਜੀਤ ਨੂੰ ਵਧਾਈ ਦਿੱਤੀ। ਇਸ ਮੌਕੇ ਡਾ. ਮਮਤਾ ਅਰੋੜਾ, ਡਾ. ਸੈਲੇਸ਼ ਸ਼ਰਮਾ ਤੇ ਪ੍ਰੋ. ਸੁਨੀਤਾ ਰਾਣੀ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
ਵਿਨੀਤ ਗਾਂਧੀ ਰੋਟਰੀ ਕਲੱਬ ਦੇ ਪ੍ਰਧਾਨ ਬਣੇ
ਪੰਚਕੂਲਾ: ਰੋਟਰੀ ਕਲੱਬ ਪੰਚਕੂਲਾ ਗ੍ਰੀਨ ਦਾ ਨਵਾਂ ਕਾਰਜਭਾਰ ਸੰਭਾਲਣ ਦਾ ਸਮਾਗਮ ਇੱਥੇ ਨਿੱਜੀ ਹੋਟਲ ਵਿੱਚ ਉਤਸ਼ਾਹ ਨਾਲ ਕਰਵਾਇਆ। ਇਸ ਵਿੱਚ ਮੁੱਖ ਮਹਿਮਾਨ ਸੀਨੀਅਰ ਪੱਤਰਕਾਰ ਦੀਪਕ ਧੀਮਾਨ, ਵਿਸ਼ੇਸ਼ ਮਹਿਮਾਨ ਰੋਟਰੀ ਡੀਜੀਐੱਨ ਐਮਪੀ ਗੁਪਤਾ ਅਤੇ ਅਰਨਸਟ ਫਾਰਮੇਸੀਆ ਪ੍ਰਾਈਵੇਟ ਲਿਮਿਟਡ ਦੇ ਨਿਰਦੇਸ਼ਕ ਨਿਖਿਲ ਅਗਰਵਾਲ ਨੇ ਭਾਗ ਲਿਆ। ਇਸ ਮੌਕੇ ‘ਤੇ ਰੋਟੇਰੀਅਨ ਵਿਨੀਤ ਗਾਂਧੀ ਨੂੰ ਨਵਾਂ ਪ੍ਰਧਾਨ ਬਣਾਉਂਦਿਆਂ ਕਾਲਰ ਪਹਿਨਾ ਕੇ ਅਹੁਦਾ ਸੌਂਪਿਆ ਗਿਆ। ਨਵੇਂ ਪ੍ਰਧਾਨ ਵਿਨੀਤ ਗਾਂਧੀ ਨੇ ਧੰਨਵਾਦ ਕੀਤਾ। ਸਮਾਗਮ ਦਾ ਅੰਤ ਪ੍ਰਸਿੱਧ ਜਯੋਤਿਸ਼ ਅਚਾਰਿਆ ਡਾ. ਵਰਿੰਦਰ ਸਾਹਨੀ ਵੱਲੋਂ ਧੰਨਵਾਦ ਪ੍ਰਗਟਾਵੇ ਨਾਲ ਹੋਇਆ। -ਪੱਤਰ ਪ੍ਰੇਰਕ
ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੀ ਚੋਣ
ਐੱਸਏਐੱਸ ਨਗਰ (ਮੁਹਾਲੀ): ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਾ. ਗਿੰਨੀ ਦੁੱਗਲ ਦੀ ਅਗਵਾਈ ਅਤੇ ਜ਼ਿਲ੍ਹਾ ਮੁਹਾਲੀ ਦੇ ਸਪੋਰਟਸ ਕੋ-ਆਰਡੀਨੇਟਰ ਇੰਦੂ ਬਾਲਾ ਦੀ ਦੇਖ-ਰੇਖ ਹੇਠ ਜ਼ਿਲ੍ਹੇ ਵਿਚ ਹੋਣ ਵਾਲੇ ਸਕੂਲੀ ਟੂਰਨਾਮੈਂਟਾਂ ਲਈ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਡਾ. ਕੁਲਦੀਪ ਸਿੰਘ ਬਨੂੜ ਨੇ ਦੱਸਿਆ ਕਿ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਗਰੇਜ਼ ਸਿੰਘ ਵੀ ਉਚੇਚੇ ਤੌਰ ’ਤੇ ਇਸ ਸ਼ਾਮਲ ਹੋਏ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਾ. ਗਿੰਨੀ ਦੁੱਗਲ ਨੂੰ ਕਮੇਟੀ ਦਾ ਪ੍ਰਧਾਨ, ਪ੍ਰਿੰਸੀਪਲ ਸਲਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਡਾ. ਇੰਦੂ ਬਾਲਾ ਨੂੰ ਪ੍ਰਬੰਧਕੀ ਸਕੱਤਰ ਅਤੇ ਵਿੱਤ ਸਕੱਤਰ, ਭੁਪਿੰਦਰ ਸਿੰਘ ਭਿੰਦਾ ਕੁੰਭੜਾ ਨੂੰ ਜਨਰਲ ਸਕੱਤਰ, ਨਵਦੀਪ ਚੌਧਰੀ ਨੂੰ ਸਹਾਇਕ ਸਕੱਤਰ, ਡਾ. ਕੁਲਦੀਪ ਸਿੰਘ ਬਨੂੜ ਨੂੰ ਤਕਨੀਕੀ ਸਕੱਤਰ ਚੁਣਿਆ ਗਿਆ। -ਖੇਤਰੀ ਪ੍ਰਤੀਨਿਧ
ਕੁਸ਼ਤੀ ਮੁਕਾਬਲੇ ਅੱਜ
ਮੁੱਲਾਂਪੁਰ ਗਰੀਬਦਾਸ: ਗੁੱਗਾ ਮਾੜੀ ਦੇ ਸਾਲਾਨਾ ਮੇਲੇ ਮੌਕੇ ਪਿੰਡ ਤੀੜਾ ਵਿੱਚ ਗਰਾਮ ਪੰਚਾਇਤ ਛਿੰਝ ਕਮੇਟੀ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਕੁਸ਼ਤੀ ਦੰਗਲ 11 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਸਰਪੰਚ ਅਜੀਤ ਸਿੰਘ, ਹਰਜੀਤ ਸਿੰਘ ਪੰਚ ਤੇ ਬੀਰਬਲ ਨੇ ਦੱਸਿਆ ਕਿ ਵੱਡੀ ਝੰਡੀ ਦੀ ਕੁਸ਼ਤੀ ਪਹਿਲਵਾਨ ਭੁਪਿੰਦਰ ਅਜਨਾਲਾ ਤੇ ਸ਼ੇਰਾ ਬਾਬਾ ਫਲਾਈ ਵਿਚਕਾਰ ਅਤੇ ਛੋਟੀ ਝੰਡੀ ਦੀ ਕੁਸ਼ਤੀ ਪਹਿਲਵਾਨ ਧਰਮਿੰਦਰ ਕੋਹਾਲੀ ਤੇ ਜਤਿੰਦਰ ਪਥਰੇੜੀ ਜੱਟਾਂ ਵਿਚਕਾਰ ਹੋਵੇਗੀ। -ਪੱਤਰ ਪੇ੍ਰਕ
ਪੁਰਸਕਾਰ ਸਮਾਰੋਹ ਭਲਕੇ
ਪੰਚਕੂਲਾ: ਮੀਡੀਆ ਮਹਾਕੁੰਭ ਅਤੇ ਰਾਸ਼ਟਰ ਗੌਰਵ ਪੁਰਸਕਾਰ ਸਮਾਰੋਹ 12 ਅਗਸਤ ਨੂੰ ਸੈਕਟਰ-1 ਦੇ ਪੀਡਬਲਯੂਡੀ ਗੈਸਟ ਹਾਊਸ ਆਡੀਟੋਰੀਅਮ ਵਿੱਚ ਕਰਵਾਇਆ ਜਾਵੇਗਾ। ਇਸ ਵਿੱਚ ਖੇਡਾਂ, ਮੀਡੀਆ, ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਦੇਸ਼ ਭਰ ਵਿੱਚ ਆਪਣਾ ਨਾਮ ਕਮਾਉਣ ਵਾਲੇ ਭਾਗੀਦਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਪ੍ਰੋਗਰਾਮ ਵਿੱਚ 17 ਸੂਬਿਆਂ ਦੇ ਪ੍ਰਤੀਨਿਧੀ ਅਤੇ ਪਤਵੰਤੇ ਭਾਗ ਲੈਣਗੇ। ਇਸ ਪ੍ਰੋਗਰਾਮ ਤਹਿਤ 11 ਅਗਸਤ ਨੂੰ ਸ਼ਾਮ 4:00 ਵਜੇ ਪੱਤਰਕਾਰੀ ਦੀ ਸਥਿਤੀ ਅਤੇ ਦਿਸ਼ਾ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ ਵੀ ਕਰਵਾਇਆ ਜਾਵੇਗਾ। -ਪੱਤਰ ਪ੍ਰੇਰਕ
ਵਾਲੀਆਂ ਝਪਟੀਆਂ
ਬਨੂੜ: ਬਨੂੜ ਦੇ ਬੈਰੀਅਰ ਚੌਂਕ ਨੇੜੇ ਐਕਟਿਵਾ ਦੀ ਪਿਛਲੀ ਸੀਟ ਤੇ ਬੈਠੀ ਬਜ਼ੁਰਗ ਮਹਿਲਾ ਦੇ ਕੰਨਾਂ ਵਿੱਚੋਂ ਮੋਟਰਸਾਈਕਲ ਸਵਾਰ ਨੌਜਵਾਨ ਸੋਨੇ ਦੀਆਂ ਵਾਲੀਆਂ ਝਪਟ ਕੇ ਫ਼ਰਾਰ ਹੋ ਗਏ। ਪੀੜਤ ਸਵਰਨ ਸਿੰਘ ਬਾਜਵਾ ਵਾਸੀ ਵਾਰਡ ਨੰਬਰ ਅੱਠ ਬਨੂੜ ਨੇ ਦੱਸਿਆ ਕਿ ਉਹ ਆਪਣੀ ਪਤਨੀ ਰਣਜੀਤ ਕੌਰ ਦਾ ਸੋਹਾਣਾ ਸਥਿਤ ਹਸਪਤਾਲ ਵਿੱਚੋਂ ਚੈੱਕਅਪ ਕਰਵਾਉਣ ਲਈ ਐਕਟਿਵਾ ਤੇ ਗਏ ਸਨ। ਉਹ ਐਕਟਿਵਾ ਤੇ ਵਾਪਸ ਘਰ ਆ ਰਹੇ ਸਨ ਤਾਂ ਬੈਰੀਅਰ ਨੇੜੇ ਪਿੱਛੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਨੇ ਵਾਲੀਆਂ ਝਪਟ ਲਈਆਂ। -ਪੱਤਰ ਪ੍ਰੇਰਕ
ਅੱਖਾਂ ਦਾ ਜਾਂਚ ਕੈਂਪ
ਅੰਬਾਲਾ: ਅਵੇਅਰਨੈੱਸ ਸੁਸਾਇਟੀ ਦੀ ਮੁਖੀ ਪੂਨਮ ਸਾਂਗਵਾਨ ਅਤੇ ਟੀਮ ਚਿੱਤਰਾ ਦੇ ਵਾਰਡ ਪ੍ਰਧਾਨ ਸੁਰਿੰਦਰ ਲਾਹੋਟ ਵੱਲੋਂ ਅੰਬਾਲਾ ਛਾਉਣੀ ਦੇ ਦਲੀਪਗੜ੍ਹ ਦੇ ਪਾਰਸ ਨਗਰ ਵਿੱਚ ਅੱਖਾਂ ਦਾ ਫਰੀ ਚੈੱਕਅਪ ਕੈਂਪ ਲਾਇਆ ਗਿਆ ਜਿਸ ਜਿਸ ਵਿੱਚ ਰਾਣਾ ਆਈ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ 300 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਇਨ੍ਹਾਂ ਵਿੱਚੋਂ ਲਗਭਗ 180 ਮਰੀਜ਼ਾਂ ਨੂੰ ਮੌਕੇ ‘ਤੇ ਹੀ ਮੁਫ਼ਤ ਐਨਕਾਂ ਦਿੱਤੀਆਂ ਗਈਆਂ ਅਤੇ ਸਾਰਿਆਂ ਨੂੰ ਜ਼ਰੂਰੀ ਦਵਾਈਆਂ ਦਿੱਤੀਆਂ ਗਈਆਂ। ਕੁਝ ਮਰੀਜ਼ਾਂ ਨੂੰ ਹੋਰ ਜਾਂਚ ਤੋਂ ਬਾਅਦ ਮੁਫ਼ਤ ਅਪਰੇਸ਼ਨ ਲਈ ਚੁਣਿਆ ਗਿਆ ਹੈ। ਇਨ੍ਹਾਂ ਦਾ ਨਿਰਧਾਰਿਤ ਤਰੀਕਾਂ ’ਤੇ ਪੂਰੀਆਂ ਡਾਕਟਰੀ ਸਹੂਲਤਾਂ ਦਿੱਤੀਆਂ ਜਾਣਗੀਆਂਂ। ਨਿੱਜੀ ਪੱਤਰ ਪ੍ਰੇਰਕ