ਪੀਜੀਆਈ ਤੋਂ ਸਾਰੰਗਪੁਰ ਐਲੀਵੇਟਿਡ ਰੋਡ ਨੂੰ ਮਨਜ਼ੂਰੀ ਮਿਲੀ
ਪੀਜੀਆਈ ਤੋਂ ਸਾਰੰਗਪੁਰ ਤੱਕ ਐਲੀਵੇਟਿਡ ਰੋਡ ਪ੍ਰਾਜੈਕਟ ਨੂੰ ਚੰਡੀਗੜ੍ਹ ਹੈਰੀਟੇਜ ਕੰਜ਼ਰਵੇਸ਼ਨ ਕਮੇਟੀ ਤੋਂ ਮਨਜ਼ੂਰੀ ਮਿਲ ਗਈ ਹੈ। ਲਗਪਗ 70 ਕਰੋੜ ਰੁਪਏ ਦੀ ਲਾਗਤ ਵਾਲ਼ਾ ਇਹ ਪ੍ਰਾਜੈਕਟ ਪੀਜੀਆਈ ਅਤੇ ਨਿਊ-ਚੰਡੀਗੜ੍ਹ ਵਿਚਕਾਰ ਲਗਾਤਾਰ ਵਧ ਰਹੀ ਟਰੈਫਿਕ ਕੰਟਰੋਲ ਕਰਨ ਦੇ ਮਕਸਦ ਨਾਲ ਤਿਆਰ ਕੀਤਾ ਗਿਆ ਹੈ। ਯੂਟੀ ਚੰਡੀਗੜ੍ਹ ਪ੍ਰਸ਼ਾਸਨ ਦੇ ਚੀਫ ਇੰਜਨੀਅਰ ਸੀਬੀ ਓਝਾ ਮੁਤਾਬਕ ਹੈਰੀਟੇਜ ਕਮੇਟੀ ਦੀ ਮਨਜ਼ੂਰੀ ਉਪਰੰਤ ਹੁਣ ਇੰਜਨੀਅਰਿੰਗ ਵਿਭਾਗ ਇਸ ਪ੍ਰੋਜੈਕਟ ਦੀ ਡਰਾਇੰਗ ਤਿਆਰ ਕਰ ਕੇ ਚੰਡੀਗੜ੍ਹ ਸ਼ਹਿਰੀ ਯੋਜਨਾ ਵਿਭਾਗ ਤੇ ਚੀਫ ਆਰਕੀਟੈਕਟ ਦਫ਼ਤਰ ਨੂੰ ਭੇਜੇਗਾ।
ਇਸ ਪ੍ਰੋਜੈਕਟ ਤਹਿਤ ਕੁੱਲ 1.75 ਕਿਲੋਮੀਟਰ ਲੰਬੇ ਰੂਟ ਵਿੱਚੋਂ ਲਗਪਗ 1.3 ਕਿਲੋਮੀਟਰ ਲੰਬੀ ਐਲੀਵੇਟਿਡ ਰੋਡ ਬਣਾਈ ਜਾਵੇਗੀ ਜੋ ਖੁੱਡਾ ਲਾਹੌਰਾ ਅਤੇ ਖੁੱਡਾ ਜੱਸੂ ਵਰਗੇ ਭੀੜ-ਭੜੱਕੇ ਵਾਲੇ ਖੇਤਰਾਂ ਵਿੱਚੋਂ ਦੀ ਲੰਘੇਗੀ। ਐਲੀਵੇਟਿਡ ਰੋਡ ਪੀਜੀਆਈ ਤੋਂ ਅੱਗੇ ਜਾ ਕੇ ਖੁੱਡਾ ਲਾਹੌਰਾ ਪੁਲ਼ ਤੋਂ ਸ਼ੁਰੂ ਹੋਵੇਗੀ ਜੋ ਖੁੱਡਾ ਜੱਸੂ ਬਾਜ਼ਾਰ, ਦੁਕਾਨਾਂ, ਸਕੂਲਾਂ ਅਤੇ ਸੰਘਣੀ ਆਬਾਦੀ ਵਾਲੇ ਖੇਤਰਾਂ ਵਿੱਚੋਂ ਲੰਘਦੀ ਹੋਈ ਸਾਰੰਗਪੁਰ ਦੇ ਬੋਟੈਨੀਕਲ ਗਾਰਡਨ ਦੇ ਨੇੜੇ ਮੌਜੂਦਾ ਸੜਕ ਨਾਲ ਜੁੜ ਜਾਵੇਗੀ। ਜਾਣਕਾਰੀ ਮੁਤਾਬਕ ਇਸ ਐਲੀਵੇਟਿਡ ਸੜਕ ਦੀ ਸ਼ੁਰੂਆਤੀ ਯੋਜਨਾ ਸਾਲ-2020 ਵਿੱਚ ਤਿਆਰ ਕੀਤੀ ਗਈ ਸੀ। ਪ੍ਰਸ਼ਾਸਨ ਨੇ ਫਿਰ ਇਨਫਰਾਕੌਨ ਪ੍ਰਾਈਵੇਟ ਲਿਮਿਟਡ ਨੂੰ ਤਕਨੀਕੀ ਸਲਾਹਕਾਰ ਵਜੋਂ ਨਿਯੁਕਤ ਕੀਤਾ, ਜਿਸ ਨੇ ਹਰ ਪੜਚੋਲ ਕਰਨ ਉਪਰੰਤ ਪ੍ਰਸ਼ਾਸਨ ਨੂੰ ਇੱਕ ਵਿਸਥਾਰਤ ਪ੍ਰਾਜੈਕਟ ਰਿਪੋਰਟ ਸੌਂਪੀ। ਪਰ ਪ੍ਰਸਤਾਵਿਤ ਮੈਟਰੋ ਕੋਰੀਡੋਰ ਕਾਰਨ ਇਹ ਯੋਜਨਾ 2023 ਵਿੱਚ ਰੋਕ ਦਿੱਤੀ ਗਈ ਸੀ। ਡੀਸੀ ਨੇ ਇਸ ਮਾਮਲੇ ਪ੍ਰਤੀ ਗੰਭੀਰਤਾ ਦਿਖਾਉਂਦਿਆਂ ਯੋਜਨਾ ਨੂੰ ਮੁੜ ਸ਼ੁਰੂ ਕਰਨ ਦੀ ਪ੍ਰਕਿਰਿਆ ਚਲਾਈ।