ਮੁਕੇਸ਼ ਕੁਮਾਰ
ਚੰਡੀਗੜ੍ਹ, 2 ਮਾਰਚ
ਚੰਡੀਗੜ੍ਹ ਵਪਾਰ ਮੰਡਲ (ਸੀਬੀਐੱਮ) ਦੇ ਪ੍ਰਧਾਨ ਦੇ ਅਹੁਦੇ ਲਈ ਐਤਵਾਰ ਨੂੰ ਹੋਈ ਚੋਣ ਵਿੱਚ ਸ਼ਹਿਰ ਦੇ ਨੌਜਵਾਨ ਵਪਾਰੀ ਸੰਜੀਵ ਚੱਢਾ ਨੇ ਰਿਕਾਰਡ ਵੋਟਾਂ ਨਾਲ ਚੋਣ ਜਿੱਤ ਹਾਸਲ ਕੀਤੀ ਹੈ। ਚੱਢਾ ਨੇ ਆਪਣੇ ਵਿਰੋਧੀ ਉਮੀਦਵਾਰ ਅਨਿਲ ਵੋਹਰਾ ਨੂੰ 88 ਵੋਟਾਂ ਨਾਲ ਹਰਾਇਆ। ਚੋਣ ਜਿੱਤਣ ਤੋਂ ਬਾਅਦ ਸੰਜੀਵ ਚੱਢਾ ਨੇ ਕਿਹਾ ਕਿ ਉਹ ਹਮੇਸ਼ਾ ਵਪਾਰੀਆਂ ਦੇ ਹਿੱਤਾਂ ਲਈ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ ਅਤੇ ਹਰ ਸਮੇਂ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਉਹ ਵਪਾਰੀਆਂ ਦੀਆਂ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਉਹ ਉਨ੍ਹਾਂ ਲਈ 24 ਘੰਟੇ ਉਪਲਬਧ ਰਹਿਣਗੇ। ਉਨ੍ਹਾਂ ਦਾਅਵਾ ਕੀਤਾ ਕਿ ਉਹ ਸ਼ਹਿਰ ਦੇ ਵਪਾਰੀਆਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਸਮੇਤ ਨਗਰ ਨਿਗਮ ਦਰਮਿਆਨ ਇੱਕ ਮਜ਼ਬੂਤ ਕੜੀ ਵਾਂਗ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਵਪਾਰੀਆਂ ਦੇ ਸਾਰੇ ਮਸਲਿਆਂ ਸਬੰਧੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਮਿਲਣਗੇ। ਸੀਬੀਐੱਮ ਦੇ ਪ੍ਰਧਾਨ ਦੇ ਅਹੁਦੇ ਲਈ ਐਤਵਾਰ ਨੂੰ ਇਥੇ ਸੈਕਟਰ 21 ਸਥਿਤ ਕਮਿਊਨਿਟੀ ਸੈਂਟਰ ਵਿੱਚ ਵੋਟਿੰਗ ਹੋਈ, ਜੋ ਕਿ ਸ਼ਾਂਤੀਪੂਰਵਕ ਨੇਪਰੇ ਚੜ੍ਹੀ। ਵੋਟਿੰਗ ਨੂੰ ਲੈ ਕੇ ਵਪਾਰੀਆਂ ਵਿੱਚ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ। ਵੋਟਿੰਗ ਦੌਰਕਾਂ ਤਗੜਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਸੀ। ਸੀਬੀਐੱਮ ਦੀਆਂ ਕੁੱਲ 373 ਮੈਂਬਰਾਂ ਦੀਆਂ ਵੋਟਾਂ ਵਿੱਚੋਂ 360 ਵਪਾਰੀਆਂ ਨੇ ਆਪਣੀਆਂ ਵੋਟਾਂ ਪਾਈਆਂ। ਦੇਰ ਸ਼ਾਮ ਐਲਾਨੇ ਗਏ ਨਤੀਜਿਆਂ ਅਨੁਸਾਰ ਸੰਜੀਵ ਚੱਢਾ ਨੂੰ 224 ਵੋਟਾਂ ਮਿਲੀਆਂ ਜਦੋਂ ਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਅਨਿਲ ਵੋਹਰਾ ਸਿਰਫ਼ 136 ਵੋਟਾਂ ਹੀ ਪ੍ਰਾਪਤ ਕਰ ਸਕੇ। ਇਸ ਤਰ੍ਹਾਂ ਸੰਜੀਵ ਚੱਢਾ ਨੇ ਅਨਿਲ ਵੋਹਰਾ ਨੂੰ 88 ਵੋਟਾਂ ਨਾਲ ਹਰਾ ਕੇ ਸੀਬੀਐੱਮ ਦੇ ਪ੍ਰਧਾਨ ਦੇ ਅਹੁਦੇ ਲਈ ਜਿੱਤ ਹਾਸਲ ਕੀਤੀ। ਜਿਵੇਂ ਹੀ ਸੰਜੀਵ ਚੱਢਾ ਦੇ ਜਿੱਤ ਦਾ ਐਲਾਨ ਹੋਇਆ ਤਾਂ ਉਨ੍ਹਾਂ ਦੇ ਹਮਾਇਤੀਆਂ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਨੇ ਢੋਲ-ਢਮੱਕੇ ਜਿੱਤ ਦੀ ਖੁਸ਼ੀ ਮਨਾਈ। ਚੰਡੀਗੜ੍ਹ ਦੇ ਸੈਕਟਰ 46 ਦੀ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਉੱਤਮ ਨੇ ਕਿਹਾ ਕਿ ਸੀਬੀਐਮ ਨੂੰ ਬਤੌਰ ਪ੍ਰਧਾਨ ਇੱਕ ਨੌਜਵਾਨ ਅਤੇ ਸੂਝਵਾਨ ਚਿਹਰਾ ਮਿਲਿਆ ਹੈ ਜੋ ਹਮੇਸ਼ਾ ਵਪਾਰੀ ਵਰਗ ਦੇ ਹੱਕਾਂ ਦੀ ਲੜਾਈ ਲੜਾ ਰਿਹਾ ਹੈ।
ਸਤਪਾਲ ਗੁਪਤਾ ਨੂੰ ਕਮੇਟੀ ਦਾ ਚੇਅਰਮੈਨ ਬਣਾਇਅਾ
ਚੰਡੀਗੜ੍ਹ ਵਪਾਰ ਮੰਡਲ ਦੀ ਚੋਣ ਲਈ ਬਣਾਈ ਗਈ ਕਮੇਟੀ ਵਿੱਚ ਸਤਪਾਲ ਗੁਪਤਾ ਨੂੰ ਚੇਅਰਮੈਨ ਅਤੇ ਪੁਰਸ਼ੋਤਮ ਮਹਾਜਨ, ਚਿਰੰਜੀਵ ਸਿੰਘ, ਦਿਵਾਕਰ ਸਹੁਜਾ, ਰਜਤ ਮਲਹੋਤਰਾ ਅਤੇ ਸੁਨੀਲ ਗੁਪਤਾ ਨੂੰ ਵਾਈਸ ਚੇਅਰਮੈਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਉਨ੍ਹਾਂ ਸੀਬੀਐੱਮ ਦੇ ਪ੍ਰਧਾਨ ਦੇ ਅਹੁਦੇ ਲਈ ਹੋਈ ਚੋਣ ਵਿੱਚ ਸਾਰੇ ਵਪਾਰੀ ਵਰਗ ਦਾ ਸ਼ਾਂਤਮਈ ਢੰਗ ਨਾਲ ਚੋਣਾਂ ਕਰਵਾਉਣ ਵਿੱਚ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ।