ਗੁਰਦੁਆਰਿਆਂ ਦੇ ਨੇੜੇ ਨਸ਼ਿਆਂ ਦੀ ਵਿਕਰੀ ਬੰਦ ਹੋਵੇ: ਗੜਗੱਜ
ਸ਼ਹੀਦ ਹਨੂੰਮਾਨ ਸਿੰਘ ਦੇ ਜਨਮ ਦਿਹਾਡ਼ੇ ਮੌਕੇ ਵਿਸ਼ਾਲ ਗੁਰਮਤਿ ਸਮਾਗਮ; ਵੱਡੀ ਗਿਣਤੀ ਸ਼ਰਧਾਲੂ ਨਤਮਸਤਕ
ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿੱਚ ਬੁੱਢਾ ਦਲ ਤੇ ਅਕਾਲ ਤਖ਼ਤ ਦੇ ਸੱਤਵੇਂ ਜਥੇਦਾਰ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਗੁਰਦੁਆਰੇ ਵਿੱਚ ਨਤਮਸਤਕ ਹੋਣ ਲਈ ਵੱਡੀ ਗਿਣਤੀ ਸ਼ਰਧਾਲੂ ਪੁੱਜੇ। ਦੋਵੇਂ ਦਿਨ ਗੁਰਦੁਆਰਾ ਸਾਹਿਬ ਤੇ ਹੋਰ ਸ਼ਰਧਾਲੂਆਂ ਵੱਲੋਂ ਮਠਿਆਈਆਂ, ਖੀਰ, ਟਿੱਕੀਆਂ, ਪਕੌੜੇ ਆਦਿ ਦੇ ਥਾਂ-ਥਾਂ ਲੰਗਰ ਲਗਾਏ ਗਏ।
ਇਸ ਮੌਕੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਾਂ ਦੀ ਘਟਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਿੱਖ ਬੱਚੇ ਸਮੇਂ ਸਿਰ ਵਿਆਹ ਕਰਾਉਣ ਅਤੇ ਇੱਕ ਥਾਂ ਵੱਧ ਬੱਚਿਆਂ ਨੂੰ ਜਨਮ ਦੇਣ। ਉਨ੍ਹਾਂ ਲੋਕਾਂ ਨੂੰ ਪੰਜਾਬੀ ਬੋਲਣ ਅਤੇ ਘਰਾਂ ਤੇ ਦੁਕਾਨਾਂ ਦੇ ਬੋਰਡ ਪੰਜਾਬੀ ਵਿੱਚ ਲਿਖਣ, ਅੰਮ੍ਰਿਤ ਛਕਣ ਅਤੇ ਰਾਗੀ ਸਿੰਘਾਂ ਨੂੰ ਮੋਬਾਈਲ ਤੋਂ ਸ਼ਬਦ ਪੜ੍ਹ ਕੇ ਕੀਰਤਨ ਕਰਨ ਦੀ ਥਾਂ ਗੁਰਬਾਣੀ ਕੰਠ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਗੁਰਦੁਆਰਿਆਂ ਨੇੜੇ ਨਸ਼ਿਆਂ ਦੀ ਵਿਕਰੀ ਦੀਆਂ ਦੁਕਾਨਾਂ ’ਤੇ ਪਾਬੰਦੀ ਵੀ ਮੰਗੀ। ਨਿਹੰਗ ਜਥੇਬੰਦੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਸੰਗਤ ਨੂੰ ਅੰਮ੍ਰਿਧਾਰੀ ਹੋਣ ਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਚੇਤੇ ਰੱਖਣ ਲਈ ਪ੍ਰੇਰਿਆ।
ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਾਰਾ ਦਿਨ ਚੱਲੇ ਧਾਰਮਿਕ ਸਮਾਗਮ ਵਿੱਚ ਭਾਈ ਬਲਬੀਰ ਸਿੰਘ ਪਾਰਸ ਅੰਮ੍ਰਿਤਸਰ ਵਾਲਿਆਂ ਦੇ ਇੰਟਰਨੈਸ਼ਨਲ ਢਾਡੀ ਜਥੇ ਨੇ ਜਥੇਦਾਰ ਬਾਬਾ ਹਨੂੰਮਾਨ ਸਿੰਘ ਦਾ ਜੀਵਨ ਬ੍ਰਿਤਾਂਤ ਸੁਣਾਇਆ। ਭਾਈ ਰਵਿੰਦਰ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਸ਼ੁਭਦੀਪ ਸਿੰਘ, ਭਾਈ ਕਰਨੈਲ ਸਿੰਘ, ਭਾਈ ਅਮਨਦੀਪ ਸਿੰਘ, ਸਾਰੇ ਹਜ਼ੂਰੀ ਰਾਗੀ ਜਥੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਨੇ ਕੀਰਤਨ ਕੀਤਾ। ਇਸ ਮੌਕੇ ਗੁਰਦੁਆਰਾ ਕਮੇਟੀ, ਪਰਵਿੰਦਰ ਸਿੰਘ ਸੋਹਾਣਾ ਅਤੇ ਭਾਈ ਪਿੰਦਰਪਾਲ ਸਿੰਘ ਨੇ ਪੱਤਰਕਾਰ ਗੁਰਪ੍ਰੀਤ ਸਿੰਘ ਨਿਆਮੀਆਂ ਦੀ ਲਿਖੀ ਪੁਸਤਕ ‘ਪੁਆਧ ਦੇ ਇਤਿਹਾਸਕ ਗੁਰਧਾਮ’ ਲੋਕ ਅਰਪਣ ਕੀਤੀ।
ਬਾਬਾ ਬੰਤਾ ਸਿੰਘ ਭਾਈ ਬਿਧੀ ਚੰਦ ਸੰਪ੍ਰਦਾਇ, ਮੀਰੀ ਪੀਰੀ ਖਾਲਸਾ ਜਥਾ ਜਗਾਧਰੀ ਵਾਲੇ, ਭਾਈ ਪਿੰਦਰਪਾਲ ਸਿੰਘ ਲੁਧਿਆਣੇ ਵਾਲੇ, ਭਾਈ ਗੁਰਪ੍ਰੀਤ ਸਿੰਘ ਲਾਂਡਰਾਂ ਦੇ ਢਾਡੀ ਜਥੇ, ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲੇ, ਸ਼੍ਰੋਮਣੀ ਪ੍ਰਚਾਰਕ ਭਾਈ ਸੰਦੀਪ ਸਿੰਘ ਆਨੰਦਪੁਰ ਸਾਹਿਬ ਵਾਲੇ, ਸ਼੍ਰੋਮਣੀ ਪ੍ਰਚਾਰਕ ਭਾਈ ਜਰਨੈਲ ਸਿੰਘ ਲੁਧਿਆਣਾ ਵਾਲੇ, ਭਾਈ ਗੁਰਮੀਤ ਸਿੰਘ, ਭਾਈ ਇੰਦਰਜੀਤ, ਭਾਈ ਅਮਰਜੀਤ ਸਿੰੰਘ ਖ਼ਾਲਸਾ ਅਤੇ ਭਾਈ ਸੁਖਵਿੰਦਰ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕੀਤਾ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ, ਭਾਈ ਸਤਵਿੰਦਰ ਸਿੰਘ ਸੋਢੀ ਤੇ ਕਮੇਟੀ ਨੇ ਸਾਰਿਆਂ ਦਾ ਸਨਮਾਨ ਕੀਤਾ।
ਫੁੱਲਾਂ ਦੀ ਵਰਖ਼ਾ ਲਈ ਦੇਹਰਾਦੂਨ ਤੋਂ ਹੈਲੀਕਾਪਟਰ ਮੰਗਵਾਇਆ
ਬਾਬਾ ਹਨੂੰਮਾਨ ਸਿੰਘ ਨੂੰ ਸਤਿਕਾਰ ਭੇਟ ਕਰਨ ਲਈ ਸਮਾਜ ਸੇਵੀ ਨੌਜਵਾਨ ਰੂਪਾ ਸੋਹਾਣਾ ਦੀ ਅਗਵਾਈ ਹੇਠ ਤਿੰਨ-ਚਾਰ ਨੌਜਵਾਨਾਂ ਨੇ ਦੇਹਰਾਦੂਨ ਤੋਂ ਵਿਸ਼ੇਸ਼ ਹੈਲੀਕਾਪਟਰ ਮੰਗਵਾ ਕੇ ਗੁਰਦੁਆਰਾ ਸਾਹਿਬ ਤੇ ਨਜ਼ਦੀਕੀ ਖੇਤਰਾਂ ਵਿੱਚ ਫੁੱਲਾਂ ਦੀ ਵਰਖਾ ਕਰਵਾਈ। ਗਿਆਰਾਂ ਤੋਂ ਸਾਢੇ ਗਿਆਰਾਂ ਵਜੇ ਤੱਕ ਹੈਲੀਕਾਪਟਰ ਨੇ ਸੰਗਤ ਉੱਤੇ ਸੱਤ ਵਾਰ ਫੁੱਲਾਂ ਦੀ ਵਰਖਾ ਕੀਤੀ। ਕੌਂਸਲਰ ਹਰਜੀਤ ਸਿੰਘ ਭੋਲੂ ਸੋਹਾਣਾ ਨੇ ਦੱਸਿਆ ਕਿ ਉਨ੍ਹਾਂ ਤੇ ਰੂਪਾ ਸੋਹਾਣਾ ਤੋਂ ਇਲਾਵਾ ਬੱਲੀ ਜ਼ੀਰਕਪੁਰ ਤੇ ਕੁੱਝ ਹੋਰ ਨੌਜਵਾਨਾਂ ਨੇ ਵੀ ਸਹਿਯੋਗ ਦਿੱਤਾ। ਉਨ੍ਹਾਂ ਕਿਹਾ ਕਿ ਦੇਹਰਾਦੂਨ ਦੀ ਪ੍ਰਾਈਵੇਟ ਕੰਪਨੀ ਨੂੰ ਪੰਜ ਲੱਖ ਪੈਂਤੀ ਹਜ਼ਾਰ ਦਾ ਕਿਰਾਇਆ ਅਦਾ ਕਰ ਸਣੇ ਜ਼ਿਲ੍ਹਾ ਪ੍ਰਸ਼ਾਸਨ ਤੇ ਹੋਰ ਵੱਖ-ਵੱਖ ਵਿਭਾਗਾਂ ਤੋਂ ਨੌਂ ਮਨਜ਼ੂਰੀਆਂ ਸਿਰਫ਼ ਇੱਕ ਦਿਨ ਵਿੱਚ ਹਾਸਲ ਕੀਤੀਆਂ ਗਈਆਂ।

